ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਨੇ ਮੁਫ਼ਤ ਲੈਂਜ਼ ਕੈਂਪ ਲਗਾਇਆ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਵੱਲੋਂ 33ਵਾਂ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਲਗਾਇਆ
Publish Date: Fri, 30 Oct 2026 04:12 PM (IST)
Updated Date: Fri, 30 Oct 2026 04:13 PM (IST)
650 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, 330 ਮਰੀਜ਼ਾਂ ਦੀ ਲੈਂਜ਼ ਪਾਉਣ ਲਈ ਚੋਣ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਲਵੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ.) ਜੈਤੋ ਵੱਲੋਂ ਮਹਾਨ ਦਾਨੀ ਮਾਤਾ ਅਮਰ ਕੌਰ ਦੀ ਯਾਦ ਨੂੰ ਸਮਰਪਿਤ 33ਵਾਂ ਇੱਕ ਰੋਜ਼ਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਸਥਾਨਕ ਚੈਨਾ ਰੋਡ ਸਥਿਤ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਅੱਖਾਂ ਦੇ ਹਸਪਤਾਲ ਵਿਖੇ ਲਗਾਇਆ ਗਿਆ। ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇ ਇਸ ਕੈਂਪ ਦੌਰਾਨ ਲਗਭਗ 650 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਦਕਿ 330 ਮਰੀਜ਼ਾਂ ਦੀ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਕੈਂਪ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਦੇ ਇਲਾਜ ਦੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਉਣਾ ਸੀ। ਇਹ ਕੈਂਪ ਪਰਮ ਪੂਜਨੀਕ, ਮਹਾਨ ਪਰਉਪਕਾਰੀ ਅਤੇ ਤਪੱਸਵੀ ਸ਼੍ਰੀ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਅਤੇ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਜਲਾਲ ਵਾਲਿਆਂ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਕੈਂਪ ਦਾ ਰਸਮੀ ਉਦਘਾਟਨ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਨੇ ਰਿਬਨ ਕੱਟ ਕੇ ਕੀਤਾ। ਇਸ ਲੋਕ ਭਲਾਈ ਦੇ ਕਾਰਜ ਨੂੰ ਸਫ਼ਲ ਬਣਾਉਣ ਲਈ ਇੰਗਲੈਂਡ ਵਾਸੀ ਜਸਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੁਰੇਵਾਲ, ਬੀਬੀ ਪਰਮਿੰਦਰ ਕੌਰ ਪੁਰੇਵਾਲ (ਐੱਲ.ਐੱਲ.ਬੀ.), ਭੁਪਿੰਦਰਪਾਲ ਸਿੰਘ ਭੰਮਰਾ, ਜੋਗਾ ਸਿੰਘ ਢਿੱਲੋਂ, ਹਰਮਿੰਦਰ ਸਿੰਘ ਦੂਹਰਾ, ਰਮਨ ਕੁਮਾਰ ਸ਼ਰਮਾ, ਹਰਨੇਕ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਮਾਂਗਟ, ਬਲਵਿੰਦਰ ਸਿੰਘ ਚੌਹਾਨ, ਗੁਰਮੀਤ ਸਿੰਘ ਭੱਲਾ, ਜਸਪਾਲ ਸਿੰਘ ਭੱਲਾ, ਕਲਬੀਰ ਸਿੰਘ ਮੋਂਡੇਅਰ, ਪ੍ਰਵੀਨ ਕੁਮਾਰ ਮੈਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਨੇ ਕਿਹਾ ਕਿ ਅੱਖਾਂ ਮਨੁੱਖੀ ਸਰੀਰ ਦਾ ਬੇਹੱਦ ਮਹੱਤਵਪੂਰਨ ਅੰਗ ਹਨ। ਇਨ੍ਹਾਂ ਰਾਹੀਂ ਹੀ ਮਨੁੱਖ ਕੁਦਰਤ ਦੀ ਸੁੰਦਰਤਾ, ਆਪਣੇ ਪਿਆਰਿਆਂ ਦੇ ਚਿਹਰਿਆਂ ਅਤੇ ਦੁਨੀਆ ਦੀਆਂ ਖ਼ੂਬਸੂਰਤ ਰਚਨਾਵਾਂ ਨੂੰ ਦੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਬਹੁਤ ਸਾਰੇ ਲੋੜਵੰਦ ਲੋਕ ਮਹਿੰਗੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਅਸਮਰੱਥ ਰਹਿੰਦੇ ਹਨ। ਅਜਿਹੇ ਮੁਫ਼ਤ ਸਿਹਤ ਕੈਂਪ ਉਨ੍ਹਾਂ ਲਈ ਵੱਡੀ ਰਾਹਤ ਸਾਬਤ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਦੀ ਸਿਹਤ ਪ੍ਰਤੀ ਅਵੇਸਲੇ ਨਾ ਰਹਿਣ ਅਤੇ ਸਮੇਂ-ਸਿਰ ਜਾਂਚ ਕਰਵਾਉਣ ਦੇ ਨਾਲ-ਨਾਲ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣ। ਇਸ ਮੌਕੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦੇ ਹਸਪਤਾਲ ਦੇ ਸੰਚਾਲਕ ਅਤੇ ਨਿਊ ਗੰਗਸਰ ਸਪੋਰਟਸ ਕਲੱਬ ਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਐੱਨ.ਆਰ.ਆਈ. ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਬਹੁਤ ਹੀ ਪੁੰਨ ਵਾਲਾ ਕਾਰਜ ਹੈ। ਮਨੁੱਖਤਾ ਦੀ ਸੇਵਾ ਲਈ ਆਪਣੀ ਕਮਾਈ ਵਿੱਚੋਂ ਯੋਗਦਾਨ ਪਾਉਣ ਵਾਲੇ ਦਾਨੀ ਸੱਜਣ ਸਮਾਜ ਲਈ ਪ੍ਰੇਰਨਾ ਸਰੋਤ ਹਨ। ਅਜਿਹੇ ਉਪਰਾਲਿਆਂ ਨਾਲ ਲੋੜਵੰਦਾਂ ਨੂੰ ਇਲਾਜ ਦੀ ਸਹੂਲਤ ਮਿਲਣ ਦੇ ਨਾਲ-ਨਾਲ ਸਮਾਜ ਵਿੱਚ ਸੇਵਾ ਅਤੇ ਸਹਿਯੋਗ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਸੰਤ ਰਿਸ਼ੀ ਰਾਮ ਜੀ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾ. ਦੀਪਕ ਅਰੋੜਾ (ਐੱਮ.ਐੱਸ.), ਡਾ. ਭੁਪਿੰਦਰਪਾਲ ਕੌਰ (ਐੱਮ.ਐੱਸ.) ਅਤੇ ਡਾ. ਮੋਨਿਕਾ ਬਲਿਆਨ (ਐੱਮ.ਐੱਸ.) ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਮੁਫ਼ਤ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਕੈਂਪ ਦੌਰਾਨ ਅੱਖਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਪਰ ਉਨ੍ਹਾਂ ਨੂੰ ਆਪ੍ਰੇਸ਼ਨ ਲਈ ਦਾਖ਼ਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ ਆਪਣੇ ਨਾਲ ਇੱਕ ਵਾਰਸ ਅਤੇ ਆਧਾਰ ਕਾਰਡ ਦੀਆਂ ਦੋ ਫੋਟੋ ਕਾਪੀਆਂ ਜ਼ਰੂਰ ਲੈ ਕੇ ਆਉਣ। ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਆਪ੍ਰੇਸ਼ਨ ਨਹੀਂ ਕੀਤਾ ਜਾਵੇਗਾ। ਸਮਾਗਮ ਦੇ ਅੰਤ ਵਿੱਚ ਸੰਸਥਾ ਵੱਲੋਂ ਮਹਿਮਾਨਾਂ ਅਤੇ ਇੰਗਲੈਂਡ ਤੋਂ ਪਹੁੰਚੇ ਸਹਿਯੋਗੀਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਤਵਿੰਦਰਪਾਲ ਸਿੰਘ ਸੱਤੀ ਅੰਗਰੋਈਆ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਮਾਤਾ ਰਜਨੀ ਦੇਵੀ ਜੀ ਵਿਵੇਕ ਆਸ਼ਰਮ ਜੈਤੋ, ਕਾਂਗਰਸੀ ਆਗੂ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ, ਹੈੱਡ ਗ੍ਰੰਥੀ ਭਾਈ ਰਾਮ ਸਿੰਘ, ਅਜਾਇਬ ਕੌਰ ਰੌਂਤਾ, ਡੀ.ਸੀ. ਸਿੰਘ, ਡਾ. ਮੱਖਣ ਸਿੰਘ ਕਰੀਰਵਾਲੀ, ਜਸਵਿੰਦਰ ਸਿੰਘ ਪਟਵਾਰੀ ਰੋੜੀਕਾਪੂਰਾ, ਮਹਿੰਦਰ ਸਿੰਘ ਨਿਰਵਾਨ, ਸਤਵਿੰਦਰਪਾਲ ਸਿੰਘ ਸੱਤੀ ਅੰਗਰੋਈਆ, ਤੇਜਿੰਦਰ ਸਿੰਘ ਬਰਾੜ ਕਰੀਰਵਾਲੀ, ਦਿਲਬਾਗ ਸਿੰਘ, ਜਸਦੀਪ ਸਿੰਘ, ਹਰਜੀਤ ਸਿੰਘ ਲੰਡੇ, ਹਰਜੀਤ ਸਿੰਘ, ਬਲੀ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਮਨੀ ਸਿੰਘ, ਗੁਰਪ੍ਰੀਤ ਸਿੰਘ ਬਾਜਾਖਾਨਾ, ਮੈਡਮ ਸੁਸ਼ਮਾ ਗਰਗ, ਮੈਡਮ ਜਸਬੀਰ ਪਾਲ ਕੌਰ, ਮੈਡਮ ਸੁਮਨ ਕੌਰ ਅਤੇ ਮੈਡਮ ਕਰਮਜੀਤ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।