- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਆਰ, ਸਾਦਗੀ ਤੇ ਏਕਤਾ ਦੀ ਭਾਵਨਾ ਨਾਲ ਸੰਪੰਨ ਹੋਏ ਨਿਰੰਕਾਰੀ ਸਮੂਹਿਕ ਸਾਦੇ ਵਿਆਹ

ਭੋਲ਼ਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ :ਸਤਿਗੁਰੂ ਦੇ ਪਾਵਨ ਆਸ਼ੀਰਵਾਦ, ਪਿਆਰ ਅਤੇ ਅਧਿਆਤਮਿਕਤਾ ਦੇ ਸੰਗਮ ਨਾਲ ਸਮਾਲਖਾ ਵਿਖੇ 79ਵੇਂ ਨਿਰੰਕਾਰੀ ਸੰਤ ਸਮਾਗਮ ਦੀ ਸਮਾਪਤੀ ਉਪਰੰਤ ਸਮੂਹਿਕ ਸਾਦੇ ਵਿਆਹ ਸਮਾਗਮ ਕਰਵਾਇਆ ਗਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਹਾਜ਼ਰੀ ਵਿੱਚ ਹੋਏ ਇਸ ਸਮਾਗਮ ਦੌਰਾਨ 126 ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ। ਨਵ-ਵਿਆਹੇ ਜੋੜਿਆਂ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਦਿਆਂ ਸਤਿਗੁਰੂ ਤੋਂ ਪਿਆਰ, ਸਮਰਪਣ ਅਤੇ ਸੁਖਮਈ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਰਵਾਇਤੀ ਜੈਮਾਲਾ ਅਤੇ ਨਿਰੰਕਾਰੀ ਸਾਂਝੇ ਹਾਰ ਦੀ ਰਸਮ ਨਾਲ ਹੋਈ। ਮਿਸ਼ਨ ਦੀ ਪ੍ਰਧਾਨ ਰਾਜਕੁਮਾਰੀ ਜੀ ਅਤੇ ਹੋਰ ਕਾਰਜਕਾਰਨੀ ਮੈਂਬਰਾਂ ਨੇ ਨਵ-ਵਿਆਹੇ ਜੋੜਿਆਂ ਨੂੰ ਹਾਰ ਪਹਿਨਾ ਕੇ ਉਨ੍ਹਾਂ ਦੇ ਸੁਖਮਈ ਜੀਵਨ ਦੀ ਕਾਮਨਾ ਕੀਤੀ। ਇਸ ਉਪਰੰਤ ਹਿੰਦੀ ਵਿੱਚ ਭਗਤੀ ਭਾਵਨਾ ਨਾਲ ਭਰਪੂਰ ਨਿਰੰਕਾਰੀ ਲਾਵਾਂ ਦਾ ਗਾਇਨ ਕੀਤਾ ਗਿਆ, ਜਿਨ੍ਹਾਂ ਰਾਹੀਂ ਵਿਸ਼ਵਾਸ, ਸਤਿਕਾਰ ਅਤੇ ਸਮਰਪਣ ਨਾਲ ਗ੍ਰਹਿਸਥ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ ਗਈ। ਅੰਤ ਵਿੱਚ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਨੇ ਨਵ-ਵਿਆਹੇ ਜੋੜਿਆਂ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਉਨ੍ਹਾਂ ਨੂੰ ਸੁਖ, ਸ਼ਾਂਤੀ ਅਤੇ ਖ਼ੁਸ਼ਹਾਲ ਜੀਵਨ ਦਾ ਆਸ਼ੀਰਵਾਦ ਦਿੱਤਾ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਆਸ਼ੀਰਵਚਨਾਂ ਦੌਰਾਨ ਨਵ-ਵਿਆਹੇ ਜੋੜਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੂਹਿਕ ਵਿਆਹਾਂ ਦਾ ਉਦੇਸ਼ ਸਿਰਫ਼ ਇੱਕ ਸਮਾਗਮ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਦੀ ਭਾਵਨਾ ਨੂੰ ਜੀਵਨ ਜਿਊਣ ਦਾ ਢੰਗ ਬਣਾਉਣਾ ਚਾਹੀਦਾ ਹੈ। ਪਤੀ-ਪਤਨੀ ਨੂੰ ਇੱਕ-ਦੂਜੇ ਦੀਆਂ ਜ਼ਿੰਮੇਵਾਰੀਆਂ ਬਰਾਬਰ ਨਿਭਾਉਂਦਿਆਂ ਪਿਆਰ, ਵਿਸ਼ਵਾਸ ਅਤੇ ਆਪਸੀ ਤਾਲਮੇਲ ਨਾਲ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਜੀਵਨ ਸਾਥੀ ਇੱਕ-ਦੂਜੇ ਦੇ ਦੋ ਖੰਭ ਬਣ ਕੇ ਜੀਵਨ ਦੀ ਹਰ ਸਥਿਤੀ ਦਾ ਸਾਹਮਣਾ ਕਰਨ। ਸਤਿਗੁਰੂ ਮਾਤਾ ਜੀ ਨੇ ਸੇਵਾ, ਸਿਮਰਨ ਅਤੇ ਸਤਿਸੰਗ ਦੇ ਮਾਰਗ ’ਤੇ ਚੱਲਦਿਆਂ ਆਪਸੀ ਸਹਿਯੋਗ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪਤੀ-ਪਤਨੀ ਨੂੰ ਇੱਕ-ਦੂਜੇ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਆਹ ਅਜਿਹਾ ਪਵਿੱਤਰ ਰਿਸ਼ਤਾ ਹੈ, ਜਿਸ ਨੂੰ ਸਾਰੀ ਉਮਰ ਪਿਆਰ, ਸਤਿਕਾਰ ਅਤੇ ਸਮਰਪਣ ਨਾਲ ਨਿਭਾਉਣਾ ਚਾਹੀਦਾ ਹੈ। ਦੋਵਾਂ ਪਰਿਵਾਰਾਂ ਵਿਚਕਾਰ ਆਪਸੀ ਸਤਿਕਾਰ ਅਤੇ ਪਿਆਰ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨਵ-ਵਿਆਹੇ ਜੋੜਿਆਂ ਨੂੰ ਇੱਕ-ਦੂਜੇ ਦੀਆਂ ਕਮੀਆਂ ਨੂੰ ਸਹਿਜਤਾ ਨਾਲ ਸਵੀਕਾਰ ਕਰਨ ਅਤੇ ਮੁਆਫ਼ੀ ਤੇ ਨਿਮਰਤਾ ਦੀ ਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਇਸ ਸਮੂਹਿਕ ਸਾਦੇ ਵਿਆਹ ਸਮਾਗਮ ਦੌਰਾਨ ਸਤਿਗੁਰੂ ਮਾਤਾ ਜੀ ਦੇ ਪਰਿਵਾਰ ਦੇ ਇੱਕ ਮੈਂਬਰ ਦਾ ਵਿਆਹ ਵੀ ਸੰਪੰਨ ਹੋਇਆ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਤੋਂ ਆਏ ਜੋੜਿਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਦੇ ਜੋੜੇ ਸ਼ਾਮਲ ਸਨ। ਵੱਖ-ਵੱਖ ਖੇਤਰਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ 126 ਜੋੜਿਆਂ ਦਾ ਇੱਕੋ ਸਮਾਗਮ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਾ ਏਕਤਾ, ਬਰਾਬਰੀ ਅਤੇ ਵਿਸ਼ਵ ਭਾਈਚਾਰੇ ਦੀ ਵਿਲੱਖਣ ਮਿਸਾਲ ਬਣਿਆ। ਇਸ ਸਮਾਗਮ ਨੇ ਵੱਖ-ਵੱਖ ਭਿੰਨਤਾਵਾਂ ਦੇ ਬਾਵਜੂਦ ਪਿਆਰ ਅਤੇ ਮਨੁੱਖਤਾ ਦੇ ਸਾਂਝੇ ਰਿਸ਼ਤੇ ਨੂੰ ਉਜਾਗਰ ਕੀਤਾ। ਇਸ ਤਰ੍ਹਾਂ ਇਹ ਸਮਾਗਮ ਸਾਦਗੀ, ਪਿਆਰ ਅਤੇ ਏਕਤਾ ਦਾ ਪ੍ਰਤੀਕ ਬਣਿਆ। ਇਸ ਨੇ ਸੰਦੇਸ਼ ਦਿੱਤਾ ਕਿ ਸੱਚੇ ਰਿਸ਼ਤੇ ਵਿਸ਼ਵਾਸ, ਸਮਰਪਣ ਅਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਮਜ਼ਬੂਤ ਹੁੰਦੇ ਹਨ। ਸਤਿਗੁਰੂ ਦੇ ਪਾਵਨ ਆਸ਼ੀਰਵਾਦ ਨਾਲ ਨਵੀਂ ਜੀਵਨ ਯਾਤਰਾ ਸ਼ੁਰੂ ਕਰਨ ਵਾਲੇ ਸਾਰੇ ਜੋੜਿਆਂ ਦੇ ਜੀਵਨ ਵਿੱਚ ਪਿਆਰ, ਸ਼ਾਂਤੀ ਅਤੇ ਖ਼ੁਸ਼ਹਾਲੀ ਬਣੀ ਰਹੇ, ਇਹੀ ਇਸ ਸਮਾਗਮ ਦੀ ਮੁੱਖ ਪ੍ਰੇਰਨਾ ਰਹੀ।