- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਨਲਾਈਨ ਖ਼ਰੀਦਦਾਰੀ ਕਾਰਨ ਤਿਉਹਾਰਾਂ ’ਤੇ ਵੀ ਬਾਜ਼ਾਰਾਂ ਦੀ ਰੌਣਕ ਪਈ ਫਿੱਕੀ : ਸ਼ੈਲੀ ਗਰਗ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਆਨਲਾਈਨ ਖ਼ਰੀਦਦਾਰੀ ਦੇ ਵਧਦੇ ਰੁਝਾਨ ਕਾਰਨ ਰਵਾਇਤੀ ਬਾਜ਼ਾਰਾਂ ਦੀ ਰੌਣਕ ਲਗਾਤਾਰ ਘਟਦੀ ਜਾ ਰਹੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਵੀ ਬਾਜ਼ਾਰਾਂ ਵਿੱਚ ਪਹਿਲਾਂ ਵਰਗੀ ਚਹਿਲ-ਪਹਿਲ ਨਜ਼ਰ ਨਹੀਂ ਆ ਰਹੀ, ਜੋ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ, ਪੰਜਾਬ ਕਰਿਆਨਾ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਕਾਈ ਜੈਤੋ ਦੇ ਪ੍ਰਧਾਨ, ਕਰਿਆਨਾ ਮਰਚੈਂਟਸ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਪੰਜਾਬ ਟਰੇਡ ਕਮਿਸ਼ਨ (ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ) ਵਿਧਾਨ ਸਭਾ ਹਲਕਾ ਜੈਤੋ ਦੇ ਚੇਅਰਮੈਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’ ਨੇ ਕੀਤਾ। ਸ਼ੈਲੀ ਗਰਗ ਨੇ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਉਹ ਆਨਲਾਈਨ ਖ਼ਰੀਦਦਾਰੀ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰਨ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਸਥਾਨਕ ਦੁਕਾਨਾਂ ਤੋਂ ਖ਼ਰੀਦਦਾਰੀ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਜੇਕਰ ਹਰ ਵਪਾਰੀ ਇਸ ਦਿਸ਼ਾ ਵਿੱਚ ਪਹਿਲਕਦਮੀ ਕਰੇਗਾ ਤਾਂ ਲੋਕਾਂ ਵਿੱਚ ਸਥਾਨਕ ਬਾਜ਼ਾਰਾਂ ਪ੍ਰਤੀ ਭਰੋਸਾ ਵਧੇਗਾ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਵੀ ਹੁਲਾਰਾ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਵਪਾਰੀਆਂ ਨੂੰ ਵੀ ਡਿਜੀਟਲ ਤਕਨੀਕਾਂ ਅਪਣਾਉਣੀਆਂ ਪੈਣਗੀਆਂ। ਜਿਵੇਂ ਨਿੱਜੀ ਬੈਂਕਾਂ ਦੇ ਮੁਕਾਬਲੇ ਵਿੱਚ ਸਰਕਾਰੀ ਬੈਂਕਾਂ ਨੇ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਦਿਆਂ ਨਵੀਆਂ ਤਕਨੀਕਾਂ ਅਪਣਾਈਆਂ ਹਨ, ਉਸੇ ਤਰ੍ਹਾਂ ਰਵਾਇਤੀ ਦੁਕਾਨਦਾਰਾਂ ਨੂੰ ਵੀ ਆਪਣੇ ਕੰਮਕਾਜ ਵਿੱਚ ਆਧੁਨਿਕਤਾ ਲਿਆਉਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਕੰਪਿਊਟਰਾਈਜ਼ਡ ਬਿੱਲ, ਸਹੀ ਨਾਪ-ਤੋਲ, ਸਾਫ਼-ਸੁਥਰਾ ਸਾਮਾਨ ਅਤੇ ਪਾਰਦਰਸ਼ੀ ਲੈਣ-ਦੇਣ ਗਾਹਕਾਂ ਦਾ ਭਰੋਸਾ ਜਿੱਤਣ ਲਈ ਬੇਹੱਦ ਜ਼ਰੂਰੀ ਹਨ। ਸ਼ੈਲੀ ਗਰਗ ਨੇ ਕਿਹਾ ਕਿ ਅੱਜ ਵੀ ਕਈ ਦੁਕਾਨਾਂ ’ਤੇ ਪੁਰਾਣੇ ਤਰੀਕਿਆਂ ਨਾਲ ਬਿੱਲ ਬਣਾਏ ਜਾਂਦੇ ਹਨ, ਖੁੱਲ੍ਹਾ ਸਾਮਾਨ ਵੇਚਿਆ ਜਾਂਦਾ ਹੈ ਅਤੇ ਰਵਾਇਤੀ ਨਾਪ-ਤੋਲ ਦੇ ਸਾਧਨ ਵਰਤੇ ਜਾਂਦੇ ਹਨ। ਇਸ ਕਾਰਨ ਕੁਝ ਗਾਹਕ ਆਧੁਨਿਕ ਸਹੂਲਤਾਂ ਦੀ ਭਾਲ ਵਿੱਚ ਮਾਲਾਂ ਅਤੇ ਆਨਲਾਈਨ ਪਲੇਟਫਾਰਮਾਂ ਵੱਲ ਰੁਖ਼ ਕਰਦੇ ਹਨ। ਕਈ ਵਾਰ ਗਾਹਕ ਆਪਣੇ ਪੁਰਾਣੇ ਸਬੰਧਾਂ ਕਾਰਨ ਦੁਕਾਨਦਾਰਾਂ ਨੂੰ ਕੋਈ ਸੁਝਾਅ ਦੇਣ ਤੋਂ ਵੀ ਝਿਜਕਦੇ ਹਨ। ਉਨ੍ਹਾਂ ਸਮੂਹ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਗਾਹਕਾਂ ਦੀਆਂ ਲੋੜਾਂ ਨੂੰ ਸਮਝਦਿਆਂ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ। ਉਨ੍ਹਾਂ ਕਿਹਾ ਕਿ ਵਪਾਰੀ ਅਤੇ ਗਾਹਕ ਦਾ ਰਿਸ਼ਤਾ ਭਰੋਸੇ ’ਤੇ ਆਧਾਰਿਤ ਹੁੰਦਾ ਹੈ। ਜੇਕਰ ਸਥਾਨਕ ਦੁਕਾਨਦਾਰ ਗੁਣਵੱਤਾ, ਪਾਰਦਰਸ਼ਤਾ ਅਤੇ ਆਧੁਨਿਕ ਸਹੂਲਤਾਂ ਨੂੰ ਤਰਜੀਹ ਦੇਣ ਤਾਂ ਬਾਜ਼ਾਰਾਂ ਦੀ ਗੁਆਚੀ ਰੌਣਕ ਮੁੜ ਪਰਤ ਸਕਦੀ ਹੈ।