ਸਿਲਵਰ ਓਕਸ ਸਕੂਲ ਸੇਵੇਵਾਲਾ ਦੀ ਪ੍ਰਿੰਸੀਪਲ ਤੇ ਕੋਆਡੀਨੇਟਰ ਨੂੰ ਮਿਲਿਆ ਐਵਾਰਡ ਸਿਲਵਰ ਓਕਸ ਸਕੂਲ ਸੇਵੇਵਾਲਾ ਦੀ ਪ੍ਰਿੰਸੀਪਲ ਤੇ ਕੋਆਡੀਨੇਟਰ ਨੂੰ ਮਿਲਿਆ ਐਵਾਰਡਪ੍ਰਿਅੰਕਾ ਮਹਿਤਾ ਅਤੇ ਰਮਨਪ੍ਰੀਤ ਕੌਰ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ-2026’ ਨਾਲ ਸਨਮਾਨਿਤ
Publish Date: Thu, 29 Oct 2026 03:37 PM (IST)
Updated Date: Thu, 29 Oct 2026 03:40 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ, ਮਿਹਨਤ ਅਤੇ ਸਮਰਪਣ ਸਦਕਾ ਸਿਲਵਰ ਓਕਸ ਸਕੂਲ, ਸੇਵੇਵਾਲਾ (ਜੈਤੋ) ਨੇ ਇੱਕ ਹੋਰ ਮਾਣਮੱਤੀ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਸਕੂਲ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਅਤੇ ਕੋਆਡੀਨੇਟਰ ਰਮਨਪ੍ਰੀਤ ਕੌਰ ਨੂੰ ਉਨ੍ਹਾਂ ਦੀ ਬਿਹਤਰੀਨ ਵਿਦਿਅਕ ਅਗਵਾਈ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਲਈ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਨਾਲ ਸਕੂਲ ਦੇ ਸਟਾਫ਼ ਅਤੇ ਇਲਾਕੇ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਇਹ ਸਨਮਾਨ ਸਮਾਰੋਹ ਸਿਲਵਰਜ਼ੋਨ ਫਾਊਂਡੇਸ਼ਨ ਵੱਲੋਂ ਆਈ.ਪੀ. ਸਟੱਡੀ ਪਬਲੀਕੇਸ਼ਨਜ਼ ਦੇ ਸਹਿਯੋਗ ਨਾਲ ਹੌਲੀਡੇ ਇਨ, ਜ਼ੀਰਕਪੁਰ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਸੂਬਿਆਂ ਤੋਂ ਸਿੱਖਿਆ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਸਕੂਲ ਪ੍ਰਬੰਧਕਾਂ, ਡਾਇਰੈਕਟਰਾਂ, ਪ੍ਰਿੰਸੀਪਲਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਸ਼ਿਰਕਤ ਕੀਤੀ। ਇਸ ਦਾ ਮੁੱਖ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਦਿਅਕ ਆਗੂਆਂ ਨੂੰ ਸਨਮਾਨਿਤ ਕਰਨਾ ਅਤੇ ਸਿੱਖਿਆ ਪ੍ਰਣਾਲੀ ਵਿੱਚ ਨਵੀਨਤਾ ਤੇ ਗੁਣਵੱਤਾ ਨੂੰ ਉਤਸ਼ਾਹਿਤ ਕਰਨਾ ਸੀ। ਭਵਿੱਖ ਮੁਖੀ ਸਿੱਖਿਆ ’ਤੇ ਹੋਇਆ ਵਿਚਾਰ-ਵਟਾਂਦਰਾ ਸਮਾਗਮ ਦਾ ਕੇਂਦਰੀ ਵਿਸ਼ਾ ‘ਸਿੱਖਿਆ ਦੇ ਭਵਿੱਖ ਦੀ ਕਲਪਨਾ’ ਰਿਹਾ। ਇਸ ਦੌਰਾਨ ਬਦਲਦੇ ਸਮੇਂ ਅਨੁਸਾਰ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ, ਨਵੀਆਂ ਤਕਨੀਕਾਂ ਦੀ ਵਰਤੋਂ, ਅਧਿਆਪਕਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਬਾਰੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪ੍ਰਭਾਵਸ਼ਾਲੀ ਵਿਦਿਅਕ ਅਗਵਾਈ ਕਿਸੇ ਵੀ ਸੰਸਥਾ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇੱਕ ਯੋਗ ਆਗੂ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਯੋਗਤਾਵਾਂ ਨਿਖਾਰਨ ਅਤੇ ਸਿੱਖਣ ਲਈ ਉਸਾਰੂ ਮਾਹੌਲ ਤਿਆਰ ਕਰਨ ਵਿੱਚ ਵੀ ਯੋਗਦਾਨ ਪਾਉਂਦਾ ਹੈ। ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਮਾਨਯੋਗ ਜਸਟਿਸ ਜੋਰਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਚਕੂਲਾ ਦੇ ਮੇਅਰ ਸ਼ਾਮ ਲਾਲ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਐੱਨ.ਸੀ.ਆਰ. ਤੋਂ ਪਹੁੰਚੇ ਸਿੱਖਿਆ ਖੇਤਰ ਦੇ ਨੁਮਾਇੰਦਿਆਂ ਦੀ ਮੌਜੂਦਗੀ ਨੇ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ। ਸਕੂਲ ਪ੍ਰਬੰਧਨ ਵੱਲੋਂ ਵਧਾਈ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਅਤੇ ਕੋਆਡੀਨੇਟਰ ਰਮਨਪ੍ਰੀਤ ਕੌਰ ਨੂੰ ਮਿਲੇ ਇਸ ਸਨਮਾਨ ’ਤੇ ਸਕੂਲ ਦੇ ਸਟਾਫ਼, ਪ੍ਰਬੰਧਕੀ ਕਮੇਟੀ ਅਤੇ ਸ਼ੁਭਚਿੰਤਕਾਂ ਨੇ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਭਵਿੱਖ ਵਿੱਚ ਵੀ ਆਪਣੀ ਮਿਹਨਤ, ਲਗਨ ਅਤੇ ਦੂਰਅੰਦੇਸ਼ੀ ਨਾਲ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਯਤਨਸ਼ੀਲ ਰਹਿਣਗੀਆਂ ਅਤੇ ਸਕੂਲ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਬੁਲੰਦੀਆਂ ’ਤੇ ਪਹੁੰਚਾਉਣਗੀਆਂ। ਇਹ ਪ੍ਰਾਪਤੀ ਸਮੁੱਚੇ ਸਕੂਲ ਲਈ ਮਾਣ ਵਾਲੀ ਗੱਲ ਹੈ ਅਤੇ ਸਿੱਖਿਆ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।