- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੰਬਾਕੂਨੋਸ਼ੀ ਦੀ ਆਦਤ ਛੱਡਣਾ ਸਿਹਤਮੰਦ ਜੀਵਨ ਲਈ ਬੇਹੱਦ ਜ਼ਰੂਰੀ : ਡਾ. ਵਰਿੰਦਰ ਕੁਮਾਰ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਆਮ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਹੋਣ ਵਾਲੇ ਗੰਭੀਰ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਤੰਬਾਕੂਨੋਸ਼ੀ ਦੀ ਆਦਤ ਨੂੰ ਛੱਡਣਾ ਸਿਹਤਮੰਦ ਜੀਵਨ ਜਿਊਣ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹੈ ਅਤੇ ਇਸ ਨਾਲ ਸਰੀਰ ਦੀਆਂ ਕਈ ਮਹੱਤਵਪੂਰਨ ਪ੍ਰਣਾਲੀਆਂ ਪ੍ਰਭਾਵਿਤ ਹੁੰਦੀਆਂ ਹਨ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਤੰਬਾਕੂ ਵਿੱਚ ਟਾਰ, ਕਾਰਬਨ ਮੋਨੋਆਕਸਾਈਡ, ਆਕਸੀਡਾਈਜ਼ਿੰਗ ਰਸਾਇਣਾਂ ਅਤੇ ਕਈ ਹਾਨੀਕਾਰਕ ਧਾਤਾਂ ਸਮੇਤ ਅਨੇਕਾਂ ਨੁਕਸਾਨਦੇਹ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਫੇਫੜਿਆਂ, ਦਿਲ, ਖੂਨ ਦੀਆਂ ਨਾੜੀਆਂ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤੰਬਾਕੂਨੋਸ਼ੀ ਕਾਰਨ ਸਾਹ ਲੈਣ ਵਿੱਚ ਮੁਸ਼ਕਲ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਤੰਬਾਕੂ ਦੀ ਵਰਤੋਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵੀ ਕਮਜ਼ੋਰ ਕਰਦੀ ਹੈ, ਜਿਸ ਕਾਰਨ ਵੱਖ-ਵੱਖ ਲਾਗਾਂ ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਆਪਣੀ ਸਿਹਤ ਪ੍ਰਤੀ ਗੰਭੀਰ ਹੋਣ ਅਤੇ ਇਸ ਆਦਤ ਨੂੰ ਛੱਡਣ ਲਈ ਦ੍ਰਿੜ੍ਹ ਇਰਾਦਾ ਕਰਨ ਦੀ ਲੋੜ ਹੈ। ਤੰਬਾਕੂ ਛੱਡਣ ਦਾ ਫ਼ੈਸਲਾ ਨਾ ਸਿਰਫ਼ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਲਿਆਉਂਦਾ ਹੈ, ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਸਹਾਇਕ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਤੰਬਾਕੂ ਵਿਕਰੇਤਾਵਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਤੰਬਾਕੂ ਦੀ ਵਿਕਰੀ ਸਬੰਧੀ ਲਾਗੂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਉਤਪਾਦ ਵੇਚਣਾ ਕਾਨੂੰਨੀ ਤੌਰ ’ਤੇ ਮਨਾਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਕਾਨੂੰਨ ਅਨੁਸਾਰ ਜੁਰਮਾਨੇ ਸਮੇਤ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਣ ਦੀ ਵੀ ਅਪੀਲ ਕੀਤੀ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਬਾਕੂਨੋਸ਼ੀ ਦੇ ਸਰੀਰਕ, ਸਮਾਜਿਕ, ਵਾਤਾਵਰਨਿਕ ਅਤੇ ਆਰਥਿਕ ਨੁਕਸਾਨਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਨਾਲ ਸਬੰਧਤ ਬਿਮਾਰੀਆਂ ਕਾਰਨ ਹਰ ਸਾਲ ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਜਾਨਾਂ ਗੁਆਉਂਦੇ ਹਨ। ਇਸ ਲਈ ਤੰਬਾਕੂ ਮੁਕਤ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ।