- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਰਾਜ ਪੁਰਸਕਾਰਾਂ ਲਈ ਅਰਜ਼ੀਆਂ ਦੀ ਮੰਗ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਇੰਡਕ ਆਰਟਸ ਵੈਲਫੇਅਰ ਕੌਂਸਲ (ਇੰਡਕ ਕਲਾ ਭਲਾਈ ਪ੍ਰੀਸ਼ਦ) ਵੱਲੋਂ ਕਲਾ, ਸੰਗੀਤ, ਸੱਭਿਆਚਾਰ, ਸਿੱਖਿਆ, ਖੇਡਾਂ, ਸਮਾਜ ਸੇਵਾ ਅਤੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ 19ਵਾਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ-2026 ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੋਗ ਉਮੀਦਵਾਰਾਂ ਤੋਂ 15 ਨਵੰਬਰ 2026 ਤੱਕ ਅਰਜ਼ੀਆਂ ਅਤੇ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ਚੇਅਰਮੈਨ ਪ੍ਰੋ. ਬਾਈ ਭੋਲਾ ਯਮਲਾ ਨੇ ਦੱਸਿਆ ਕਿ ਇਹ ਸਮਾਗਮ 6 ਦਸੰਬਰ 2026, ਦਿਨ ਐਤਵਾਰ ਨੂੰ ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਗਮ ਦਾ ਮੁੱਖ ਉਦੇਸ਼ ਆਪਣੀ ਮਿਹਨਤ, ਲਗਨ, ਪ੍ਰਤਿਭਾ ਅਤੇ ਸੇਵਾ ਭਾਵਨਾ ਨਾਲ ਸਮਾਜ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਪ੍ਰਦਾਨ ਕਰਨਾ ਹੈ। ਪ੍ਰੋ. ਬਾਈ ਭੋਲਾ ਯਮਲਾ ਨੇ ਕਿਹਾ ਕਿ ਸਮਾਜ ਵਿੱਚ ਅਨੇਕਾਂ ਪ੍ਰਤਿਭਾਸ਼ਾਲੀ ਵਿਅਕਤੀ ਨਿਸ਼ਕਾਮ ਭਾਵਨਾ ਨਾਲ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਅਜਿਹੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਨਾਲ ਉਨ੍ਹਾਂ ਦਾ ਹੌਸਲਾ ਵਧਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਸਮਾਜ ਤੇ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਅਨੁਸਾਰ, ਸਮਾਜ ਲਈ ਚੰਗੇ ਕਾਰਜ ਕਰਨ ਵਾਲੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੁਰਸਕਾਰਾਂ ਲਈ ਕਲਾਕਾਰਾਂ, ਗਾਇਕਾਂ, ਸੰਗੀਤਕਾਰਾਂ, ਸਿੱਖਿਆ ਸ਼ਾਸਤਰੀਆਂ, ਖਿਡਾਰੀਆਂ, ਸਮਾਜ ਸੇਵਕਾਂ, ਸੱਭਿਆਚਾਰਕ ਕਾਮਿਆਂ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਦੀਆਂ ਅਰਜ਼ੀਆਂ ਦਾ ਸਵਾਗਤ ਹੈ। ਇਸ ਤੋਂ ਇਲਾਵਾ ਸਮਾਜ ਭਲਾਈ, ਸਿੱਖਿਆ ਦੇ ਪ੍ਰਸਾਰ, ਸੱਭਿਆਚਾਰਕ ਗਤੀਵਿਧੀਆਂ ਅਤੇ ਲੋਕ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਵੀ ਸਨਮਾਨ ਲਈ ਨਾਮਜ਼ਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਨਾਮਜ਼ਦਗੀਆਂ ਦਾ ਮੁਲਾਂਕਣ ਸਬੰਧਤ ਖੇਤਰ ਵਿੱਚ ਉਮੀਦਵਾਰਾਂ ਦੀਆਂ ਪ੍ਰਾਪਤੀਆਂ, ਯੋਗਦਾਨ, ਸਮਰਪਣ ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਯੋਗ ਵਿਅਕਤੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਮਿਸਾਲੀ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਨਾਂ ਨਾਮਜ਼ਦ ਕਰਕੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ। ਪ੍ਰੋ. ਬਾਈ ਭੋਲਾ ਯਮਲਾ ਨੇ ਕਿਹਾ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ। ਚਾਹਵਾਨ ਵਿਅਕਤੀ ਅਤੇ ਸੰਸਥਾਵਾਂ ਅਰਜ਼ੀਆਂ ਤੇ ਨਾਮਜ਼ਦਗੀਆਂ ਭੇਜਣ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕੌਂਸਲ ਦੀ ਅਧਿਕਾਰਤ ਵੈੱਬਸਾਈਟ www.iawc.in ’ਤੇ ਜਾ ਸਕਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਮਾਗਮ ਸਮਾਜ ਲਈ ਪ੍ਰੇਰਨਾਦਾਇਕ ਮਿਸਾਲ ਸਾਬਤ ਹੋਵੇਗਾ ਅਤੇ ਚੰਗੇ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਅੱਗੇ ਵਧਣ ਲਈ ਨਵਾਂ ਉਤਸ਼ਾਹ ਦੇਵੇਗਾ।