- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ’ਚ 4.27 ਲੱਖ ਦੀ ਝਪਟਮਾਰੀ ਦਾ ਪਰਦਾਫ਼ਾਸ਼, ਤਿੰਨ ਮੁਲਜ਼ਮ ਗ੍ਰਿਫ਼ਤਾਰ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੇ ਘੋੜਾ ਚੌਕ ਨੇੜੇ ਸਕੂਟਰੀ ਸਵਾਰ ਤੋਂ 4 ਲੱਖ 27 ਹਜ਼ਾਰ 800 ਰੁਪਏ ਦੀ ਨਕਦੀ ਵਾਲਾ ਬੈਗ ਖੋਹਣ ਦੇ ਮਾਮਲੇ ਵਿੱਚ ਫ਼ਰੀਦਕੋਟ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਲੱਖ 11 ਹਜ਼ਾਰ ਰੁਪਏ ਦੀ ਨਕਦੀ ਅਤੇ ਵਾਰਦਾਤ ਵਿੱਚ ਵਰਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਵਾਰਦਾਤ 21 ਅਕਤੂਬਰ ਨੂੰ ਵਾਪਰੀ ਸੀ, ਜਦਕਿ ਮੁਲਜ਼ਮਾਂ ਨੂੰ 25 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸਪੀ (ਇਨਵੈਸਟੀਗੇਸ਼ਨ) ਨਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਜੋਤ ਸਿੰਘ ਉਰਫ਼ ਗਗਨਾ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 12, ਡੋਗਰ ਬਸਤੀ, ਫ਼ਰੀਦਕੋਟ, ਬਿਕਰਮਜੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਨਿਊ ਕੈਂਟ ਰੋਡ, ਫ਼ਰੀਦਕੋਟ ਅਤੇ ਮਨੀਸ਼ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਦਸ਼ਮੇਸ਼ ਨਗਰ, ਫ਼ਰੀਦਕੋਟ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਪੀੜਤ 21 ਅਕਤੂਬਰ ਨੂੰ 4,27,800 ਰੁਪਏ ਦੀ ਨਕਦੀ ਜਮ੍ਹਾਂ ਕਰਵਾਉਣ ਲਈ ਸਕੂਟਰੀ ’ਤੇ ਜਾ ਰਿਹਾ ਸੀ। ਜਦੋਂ ਉਹ ਕੋਟਕਪੂਰਾ ਰੋਡ ’ਤੇ ਘੋੜਾ ਚੌਕ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਸਕੂਟਰੀ ਤੋਂ ਹੇਠਾਂ ਸੁੱਟ ਦਿੱਤਾ ਅਤੇ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਹਾਇਕ ਥਾਣੇਦਾਰ ਹਰਚਰਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ 4,11,000 ਰੁਪਏ ਦੀ ਨਕਦੀ ਅਤੇ ਵਾਰਦਾਤ ਵਿੱਚ ਵਰਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਖੋਹੀ ਗਈ ਕੁੱਲ ਰਕਮ ਵਿੱਚੋਂ 16,800 ਰੁਪਏ ਦੀ ਘਾਟ ਰਹਿੰਦੀ ਹੈ। ਇਸ ਮਾਮਲੇ ਵਿੱਚ ਥਾਣਾ ਸਿਟੀ ਫ਼ਰੀਦਕੋਟ ਵਿਖੇ ਮੁਕੱਦਮਾ ਨੰਬਰ 560, ਮਿਤੀ 21 ਅਕਤੂਬਰ 2026 ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 304 ਅਤੇ 3(5) ਤਹਿਤ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇਸ ਵਿੱਚ ਧਾਰਾ 317(2) ਦਾ ਵਾਧਾ ਕੀਤਾ ਗਿਆ। ਪੁਲਿਸ ਅਨੁਸਾਰ, ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਫ਼ਰੀਦਕੋਟ ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲੁੱਟ-ਖੋਹ ਅਤੇ ਸਟ੍ਰੀਟ ਕ੍ਰਾਈਮ ਨੂੰ ਰੋਕਣ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ।