- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੰਨੇ ਦੀ ਖੇਤੀ ’ਚ ਮਸ਼ੀਨੀਕਰਨ ਤੇ ਚੌੜੀ ਵਿੱਥ ਵਾਲੀ ਬਿਜਾਈ ਨਾਲ ਵਧੇਗੀ ਪੈਦਾਵਾਰ : ਕੇਨ ਕਮਿਸ਼ਨਰ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਗੰਨੇ ਦੀ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਉਣ ਅਤੇ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਉਣ ਲਈ ਹੁਣ ਰਵਾਇਤੀ ਖੇਤੀ ਤਰੀਕਿਆਂ ਦੇ ਨਾਲ-ਨਾਲ ਆਧੁਨਿਕ ਤਕਨੀਕਾਂ ਅਤੇ ਮਸ਼ੀਨੀਕਰਨ ਨੂੰ ਅਪਣਾਉਣਾ ਜ਼ਰੂਰੀ ਹੈ। ਇਹ ਗੱਲ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਵਿਖੇ ਗੰਨੇ ਦੀ ਫ਼ਸਲ ਦਾ ਜਾਇਜ਼ਾ ਲੈਣ ਦੌਰਾਨ ਕਹੀ। ਉਨ੍ਹਾਂ ਨੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਦੇ ਖੇਤਾਂ ਦਾ ਦੌਰਾ ਕਰਕੇ ਗੰਨੇ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਮਜ਼ਦੂਰਾਂ ਦੀ ਲਗਾਤਾਰ ਘਟ ਰਹੀ ਉਪਲਬਧਤਾ ਕਾਰਨ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਦੀ ਮਹੱਤਤਾ ਵਧ ਗਈ ਹੈ। ਜੇਕਰ ਗੰਨੇ ਦੀ ਬਿਜਾਈ ਦੌਰਾਨ ਕਤਾਰਾਂ ਵਿਚਕਾਰ ਢੁੱਕਵੀਂ ਦੂਰੀ ਰੱਖੀ ਜਾਵੇ ਤਾਂ ਮਸ਼ੀਨਾਂ ਨਾਲ ਗੋਡੀ ਕਰਨ, ਮਿੱਟੀ ਚੜ੍ਹਾਉਣ ਅਤੇ ਹੋਰ ਖੇਤੀ ਕਾਰਜਾਂ ਨੂੰ ਆਸਾਨੀ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਇਸ ਨਾਲ ਮਜ਼ਦੂਰੀ ਦਾ ਖਰਚ ਘਟਾਉਣ ਦੇ ਨਾਲ-ਨਾਲ ਖੇਤੀ ਕਾਰਜਾਂ ਦੀ ਕੁਸ਼ਲਤਾ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਮਸ਼ੀਨਰੀ ’ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਚੌੜੀ ਵਿੱਥ ਵਾਲੀ ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ। ਇਸ ਵਿਧੀ ਤਹਿਤ ਕਤਾਰਾਂ ਵਿਚਕਾਰ ਚਾਰ ਤੋਂ ਪੰਜ ਫੁੱਟ ਦੀ ਦੂਰੀ ਰੱਖ ਕੇ ਇਕਹਿਰੀ ਕਤਾਰ ਵਿੱਚ ਬਿਜਾਈ ਕੀਤੀ ਜਾਂਦੀ ਹੈ। ਇਸ ਨਾਲ ਫ਼ਸਲ ਵਿੱਚ ਹਵਾ ਅਤੇ ਧੁੱਪ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਖੇਤੀ ਮਸ਼ੀਨਾਂ ਦੀ ਵਰਤੋਂ ਵੀ ਸੁਖਾਲੀ ਬਣਦੀ ਹੈ। ਉਨ੍ਹਾਂ ਅਨੁਸਾਰ ਇਸ ਤਕਨੀਕ ਨਾਲ ਪਾਣੀ ਦੀ ਸੁਚੱਜੀ ਵਰਤੋਂ, ਜੜ੍ਹਾਂ ਦੇ ਵਿਕਾਸ ਅਤੇ ਗੰਨੇ ਦੇ ਮਜ਼ਬੂਤ ਵਾਧੇ ਵਿੱਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ ਫ਼ਸਲ ਦੇ ਡਿੱਗਣ ਦੀ ਸੰਭਾਵਨਾ ਘਟਾਉਣ ਅਤੇ ਹਾਰਵੈਸਟਰ ਨਾਲ ਕਟਾਈ ਨੂੰ ਆਸਾਨ ਬਣਾਉਣ ਵਿੱਚ ਵੀ ਇਹ ਵਿਧੀ ਲਾਹੇਵੰਦ ਹੈ। ਕੇਨ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਵਿੱਚ ਸਾਲ 2026-27 ਦੌਰਾਨ ਗੰਨੇ ਹੇਠ ਲਗਭਗ 1.16 ਲੱਖ ਹੈਕਟੇਅਰ ਰਕਬਾ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 3,800 ਹੈਕਟੇਅਰ ਵੱਧ ਹੈ। ਗੁੜ ਅਤੇ ਗੰਨੇ ਦੇ ਰਸ ਦੀ ਵਧ ਰਹੀ ਮੰਗ ਕਾਰਨ ਉਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਗੰਨੇ ਦੀ ਕਾਸ਼ਤ ਦਾ ਰੁਝਾਨ ਵਧ ਰਿਹਾ ਹੈ, ਜਿੱਥੇ ਪਹਿਲਾਂ ਇਸ ਦੀ ਖੇਤੀ ਘੱਟ ਹੁੰਦੀ ਸੀ। ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦਾ ਵੀ ਇੱਕ ਚੰਗਾ ਸਾਧਨ ਬਣ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅੱਸੂ-ਕੱਤਕ ਰੁੱਤ ਦੇ ਗੰਨੇ ਦੀ ਬਿਜਾਈ ਸਮੇਂ ਸਿਰ ਮੁਕੰਮਲ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਹਾਲੀਆ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਕਮੀ ਆਉਣ ਕਾਰਨ ਬਿਜਾਈ ਵਿੱਚ ਬੇਲੋੜੀ ਦੇਰੀ ਨਹੀਂ ਕਰਨੀ ਚਾਹੀਦੀ। ਦੇਰੀ ਨਾਲ ਬੀਜ ਦੇ ਪੁੰਗਰਨ ’ਤੇ ਮਾੜਾ ਅਸਰ ਪੈ ਸਕਦਾ ਹੈ, ਜਿਸ ਨਾਲ ਅੱਗੇ ਚੱਲ ਕੇ ਪੈਦਾਵਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਬਿਜਾਈ ਲਈ ਸਿਹਤਮੰਦ ਗੰਨੇ ਦੇ ਉਪਰਲੇ ਇੱਕ-ਤਿਹਾਈ ਹਿੱਸੇ ਦੀ ਵਰਤੋਂ ਕਰਨ ਅਤੇ ਦੋ ਅੱਖਾਂ ਵਾਲੇ ਬੀਜ-ਟੁਕੜੇ ਤਿਆਰ ਕਰਨ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਫ਼ਾਰਸ਼ ਕੀਤੇ ਉੱਲੀਨਾਸ਼ਕ ਨਾਲ ਸੋਧਣਾ ਚਾਹੀਦਾ ਹੈ। ਇਸ ਨਾਲ ਬੀਜ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਆਪਣੇ ਕੁੱਲ ਗੰਨਾ ਰਕਬੇ ਵਿੱਚੋਂ ਢਾਈ ਤੋਂ ਤਿੰਨ ਫ਼ੀਸਦੀ ਹਿੱਸੇ ’ਤੇ ਅੱਸੂ ਰੁੱਤ ਦੇ ਗੰਨੇ ਦੀ ਕਾਸ਼ਤ ਨੂੰ ਤਰਜੀਹ ਦੇ ਸਕਦੇ ਹਨ। ਇਸ ਮੌਕੇ ਸਹਾਇਕ ਗੰਨਾ ਵਿਕਾਸ ਅਫ਼ਸਰ ਡਾ. ਰਣਬੀਰ ਸਿੰਘ ਨੇ ਅੱਸੂ ਰੁੱਤ ਦੇ ਗੰਨੇ ਵਿੱਚ ਅੰਤਰ-ਫ਼ਸਲ ਵਜੋਂ ਪੀਲੀ ਸਰ੍ਹੋਂ ਦੀ ਕਾਸ਼ਤ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਕਿਸਮ ਦੀ ਚੋਣ ਕਰਦਿਆਂ ਉਸ ਦੇ ਕੱਦ ਅਤੇ ਵਾਧੇ ਦੇ ਸੁਭਾਅ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਤਾਂ ਜੋ ਗੰਨੇ ਦੀ ਫ਼ਸਲ ਨਾਲ ਪੌਸ਼ਟਿਕ ਤੱਤਾਂ, ਪਾਣੀ ਅਤੇ ਧੁੱਪ ਲਈ ਮੁਕਾਬਲਾ ਘੱਟ ਰਹੇ। ਅੰਤਰ-ਫ਼ਸਲ ਦੀ ਬਿਜਾਈ ਦੌਰਾਨ ਬੀਜ ਦੀ ਮਾਤਰਾ, ਕਤਾਰਾਂ ਦੀ ਦੂਰੀ ਅਤੇ ਖਾਦਾਂ ਦੀ ਵਰਤੋਂ ਸਬੰਧੀ ਖੇਤੀ ਮਾਹਿਰਾਂ ਦੀ ਸਲਾਹ ਦੀ ਪਾਲਣਾ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਏਕੜ ਵਿੱਚ ਬੀਜੜ ਗੰਨੇ ਅਤੇ ਤਿੰਨ ਏਕੜ ਵਿੱਚ ਮੂਢੀ ਗੰਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਜਾ ਰਹੀ ਹੈ। ਗੁੜ ਅਤੇ ਜੂਸ ਲਈ ਗੰਨੇ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਉਨ੍ਹਾਂ ਨੇ ਅੱਠ ਏਕੜ ਹੋਰ ਰਕਬੇ ਵਿੱਚ ਵੀ ਗੰਨੇ ਦੀ ਕਾਸ਼ਤ ਕੀਤੀ ਹੈ। ਇਸ ਮੌਕੇ ਡਾ. ਨਵਿੰਦਰਪਾਲ ਸਿੰਘ ਅਤੇ ਖੇਤੀਬਾੜੀ ਵਿਕਾਸ ਅਧਿਕਾਰੀ ਡਾ. ਪਰਮਿੰਦਰ ਸਿੰਘ ਵੀ ਹਾਜ਼ਰ ਸਨ। ਅੰਤ ਵਿੱਚ ਕੇਨ ਕਮਿਸ਼ਨਰ ਨੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਤਕਨੀਕਾਂ, ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਅਤੇ ਮਸ਼ੀਨੀਕਰਨ ਅਪਣਾ ਕੇ ਗੰਨੇ ਦੀ ਪੈਦਾਵਾਰ ਤੇ ਆਮਦਨ ਵਧਾਉਣ ਦਾ ਸੱਦਾ ਦਿੱਤਾ।