- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਮ ਦਿਨ ਮੌਕੇ ਸੁਖਜੰਤ ਸਿੰਘ ਸਦਿਉੜਾ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਘਰੇਲੂ ਰਾਸ਼ਨਫੋਕੀ ਸ਼ੋਹਰਤ ਦੀ ਬਜਾਏ ਲੋਕ ਸੇਵਾ ਨੂੰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਅੱਜ ਦੇ ਦੌਰ ਵਿੱਚ ਜਿੱਥੇ ਬਹੁਤੇ ਲੋਕ ਆਪਣੇ ਜਨਮ ਦਿਨ ਮਹਿੰਗੇ ਹੋਟਲਾਂ ਵਿੱਚ ਕੇਕ ਕੱਟ ਕੇ ਅਤੇ ਸ਼ਾਨਦਾਰ ਪਾਰਟੀਆਂ ਕਰਕੇ ਮਨਾਉਂਦੇ ਹਨ, ਉੱਥੇ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਖ਼ੁਸ਼ੀ ਨੂੰ ਲੋੜਵੰਦਾਂ ਨਾਲ ਸਾਂਝੀ ਕਰਕੇ ਸਮਾਜ ਵਿੱਚ ਸੇਵਾ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕਰ ਰਹੇ ਹਨ। ਇਸੇ ਭਾਵਨਾ ਤਹਿਤ ਬਰਗਾੜੀ ਨਿਵਾਸੀ ਸਮਾਜ ਸੇਵੀ ਸੁਖਜੰਤ ਸਿੰਘ ਸਦਿਉੜਾ, ਚੇਅਰਮੈਨ ਅਲਾਇੰਸ ਕਲੱਬ ਬਰਗਾੜੀ, ਨੇ ਆਪਣੇ ਜਨਮ ਦਿਨ ਦੀ ਖ਼ੁਸ਼ੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡ ਕੇ ਮਨਾਈ। ਉਨ੍ਹਾਂ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸੁਖਜੰਤ ਸਿੰਘ ਸਦਿਉੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੇਰਨਾ ਅਲਾਇੰਸ ਕਲੱਬ ਬਰਗਾੜੀ ਅਤੇ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਦੇ ਪ੍ਰਧਾਨ ਅਜੈਪਾਲ ਬਰਗਾੜੀ ਅਤੇ ਸਮਾਜ ਸੇਵੀ ਸ਼ਵਿੰਦਰ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜਨਮ ਦਿਨ ਮਨਾਉਣ ਦਾ ਅਸਲ ਮਕਸਦ ਉਦੋਂ ਹੋਰ ਵੀ ਸਾਰਥਕ ਹੋ ਜਾਂਦਾ ਹੈ, ਜਦੋਂ ਇਸ ਖ਼ੁਸ਼ੀ ਵਿੱਚ ਸਮਾਜ ਦੇ ਲੋੜਵੰਦ ਵਰਗ ਨੂੰ ਸ਼ਾਮਲ ਕੀਤਾ ਜਾਵੇ। ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰਕੇ ਉਸ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਣਾ ਆਪਣੇ ਆਪ ਵਿੱਚ ਵੱਡੀ ਖ਼ੁਸ਼ੀ ਦੀ ਗੱਲ ਹੈ। ਇਸ ਮੌਕੇ ਅਲਾਇੰਸ ਕਲੱਬ ਦੇ ਵਾਈਸ ਗਵਰਨਰ ਡਾ. ਬਲਵਿੰਦਰ ਸਿੰਘ ਸਿਵੀਆਂ ਨੇ ਸੁਖਜੰਤ ਸਿੰਘ ਸਦਿਉੜਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੇ ਹਰ ਸਮਰੱਥ ਵਿਅਕਤੀ ਨੂੰ ਆਪਣੀਆਂ ਖ਼ੁਸ਼ੀਆਂ ਮੌਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਆਪਣੇ ਪੁਰਖਿਆਂ ਦੀਆਂ ਯਾਦਾਂ ਨੂੰ ਲੋਕ ਭਲਾਈ ਦੇ ਕਾਰਜਾਂ ਨਾਲ ਜੋੜਨਾ ਸਮਾਜ ਲਈ ਪ੍ਰੇਰਨਾਦਾਇਕ ਕਦਮ ਹੈ। ਅਜਿਹੇ ਉਪਰਾਲਿਆਂ ਨਾਲ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਸਹਾਰਾ ਮਿਲਦਾ ਹੈ, ਉੱਥੇ ਹੋਰਨਾਂ ਲੋਕਾਂ ਨੂੰ ਵੀ ਸਮਾਜ ਸੇਵਾ ਲਈ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ। ਛੋਟੇ-ਛੋਟੇ ਸੇਵਾ ਕਾਰਜ ਵੀ ਕਿਸੇ ਲੋੜਵੰਦ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦੇ ਹਨ। ਇਸ ਮੌਕੇ ਜਗਦੇਵ ਸਿੰਘ ਚਹਿਲ, ਰਾਜ ਸਿੰਘ ਮੰਗੇੜਾ, ਜੋਗਿੰਦਰ ਸਿੰਘ ਦਬੜੀਖਾਨਾ, ਡਾ. ਹਰਵਿੰਦਰ ਸਿੰਘ ਧਾਲੀਵਾਲ, ਗੁਰਸੇਵਕ ਸਿੰਘ, ਆਤਮਾ ਰਾਮ ਆਦਿ ਹਾਜ਼ਰ ਸਨ।