- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਦੇ ‘ਨਵ ਤ੍ਰਿੰਞਣ’ ਉੱਦਮ ਦਾ ਕੀਤਾ ਵਿਸ਼ੇਸ਼ ਜ਼ਿਕਰ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਤੋਂ ਸ਼ੁਰੂ ਹੋਏ ਖੇਤੀ ਵਿਰਾਸਤ ਮਿਸ਼ਨ ਦੇ ਉੱਦਮ ‘ਨਵ ਤ੍ਰਿੰਞਣ’ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਹੈ। ਇਸ ਨਾਲ ਜੈਤੋ ਦੇ ਇਸ ਉੱਦਮ ਨੂੰ ਕੌਮੀ ਪੱਧਰ ’ਤੇ ਪਛਾਣ ਮਿਲੀ ਹੈ। ਦੇਸੀ ਨਰਮੇ ਦੀ ਖੇਤੀ ਤੋਂ ਲੈ ਕੇ ਖਾਦੀ ਦੇ ਕੱਪੜੇ ਦੀ ਬੁਣਾਈ ਤੱਕ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਵਾਲੀ ਇਹ ਪਹਿਲਕਦਮੀ ਕਿਸਾਨਾਂ, ਕਾਰੀਗਰਾਂ ਅਤੇ ਹੱਥਖੱਡੀਆਂ ’ਤੇ ਕੰਮ ਕਰਨ ਵਾਲੀਆਂ ਔਰਤਾਂ ਦੀ ਆਜੀਵਿਕਾ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ‘ਨਵ ਤ੍ਰਿੰਞਣ’ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਖੇਤੀਬਾੜੀ ਅਤੇ ਰਵਾਇਤੀ ਦਸਤਕਾਰੀ ਨੂੰ ਰੁਜ਼ਗਾਰ ਦੇ ਸਾਧਨਾਂ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ। ਇਸ ਉਪਰਾਲੇ ਰਾਹੀਂ ਦੇਸੀ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹੱਥਖੱਡੀ ’ਤੇ ਕੱਪੜਾ ਬੁਣਨ ਵਾਲੀਆਂ ਔਰਤਾਂ ਨੂੰ ਆਪਣੇ ਹੁਨਰ ਦੀ ਵਰਤੋਂ ਕਰਕੇ ਆਮਦਨ ਕਮਾਉਣ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ ਰਵਾਇਤੀ ਕਿੱਤਿਆਂ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਲਾਹੇਵੰਦ ਬਣਾਉਣ ਦੇ ਯਤਨਾਂ ਨੂੰ ਵੀ ਹੁਲਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਕੌਮੀ ਹੈਂਡਲੂਮ ਦਿਵਸ ਮੌਕੇ ‘ਨਵ ਤ੍ਰਿੰਞਣ’ ਦਾ ਇਕ ਵਫ਼ਦ ਨਵੀਂ ਦਿੱਲੀ ਵਿਖੇ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਸੀ। ਇਸ ਮੌਕੇ ਵਫ਼ਦ ਨੇ ਖਾਦੀ ਦੇ ਕੱਪੜੇ ਨਾਲ ਤਿਆਰ ਕੀਤਾ ਤਿਰੰਗਾ ਅਤੇ ਹੋਰ ਵਸਤਾਂ ਪ੍ਰਧਾਨ ਮੰਤਰੀ ਨੂੰ ਭੇਟ ਕੀਤੀਆਂ ਸਨ। ਹੁਣ ‘ਮਨ ਕੀ ਬਾਤ’ ਵਿੱਚ ਇਸ ਉੱਦਮ ਦਾ ਜ਼ਿਕਰ ਹੋਣ ਨਾਲ ਜੈਤੋ ਦੀ ਇਸ ਪਹਿਲਕਦਮੀ ਅਤੇ ਇਸ ਨਾਲ ਜੁੜੇ ਲੋਕਾਂ ਦੀ ਮਿਹਨਤ ਨੂੰ ਦੇਸ਼ ਭਰ ਵਿੱਚ ਚਰਚਾ ਦਾ ਮੌਕਾ ਮਿਲਿਆ ਹੈ। ‘ਨਵ ਤ੍ਰਿੰਞਣ’ ਦਾ ਉਦੇਸ਼ ਦੇਸੀ ਨਰਮੇ ਤੋਂ ਤਿਆਰ ਧਾਗੇ ਅਤੇ ਕੱਪੜੇ ਨੂੰ ਉਤਸ਼ਾਹਿਤ ਕਰਨਾ, ਖਾਦੀ ਦੀ ਰਵਾਇਤੀ ਵਿਰਾਸਤ ਨੂੰ ਸੰਭਾਲਣਾ ਅਤੇ ਹੱਥਖੱਡੀ ਨਾਲ ਜੁੜੀਆਂ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਉੱਦਮ ਰਾਹੀਂ ਬੁਣਾਈ ਦੀ ਰਵਾਇਤੀ ਕਲਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸਥਾਨਕ ਸਰੋਤਾਂ ਦੀ ਵਰਤੋਂ ਨੂੰ ਵੀ ਮਹੱਤਵ ਦਿੱਤਾ ਜਾ ਰਿਹਾ ਹੈ। ਖੇਤੀ ਵਿਰਾਸਤ ਮਿਸ਼ਨ ਪਿਛਲੇ 21 ਸਾਲਾਂ ਤੋਂ ਕੁਦਰਤੀ ਖੇਤੀ, ਵਾਤਾਵਰਣ ਦੀ ਸੰਭਾਲ ਅਤੇ ਸਿਹਤ ਦੇ ਖੇਤਰ ਵਿੱਚ ਕਾਰਜਸ਼ੀਲ ਹੈ। ਮਿਸ਼ਨ ਵੱਲੋਂ ਕਿਸਾਨਾਂ ਨੂੰ ਕੁਦਰਤ-ਅਨੁਕੂਲ ਖੇਤੀ ਪ੍ਰਣਾਲੀਆਂ ਨਾਲ ਜੋੜਨ ਅਤੇ ਰਵਾਇਤੀ ਬੀਜਾਂ ਤੇ ਦੇਸੀ ਨਰਮੇ ’ਤੇ ਆਧਾਰਿਤ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਮਿਸ਼ਨ ਦਾ ‘ਨਵ ਤ੍ਰਿੰਞਣ’ ਉੱਦਮ ਪਿਛਲੇ ਅੱਠ ਸਾਲਾਂ ਤੋਂ ਹੱਥਖੱਡੀਆਂ ਰਾਹੀਂ ਕੱਪੜਾ ਬੁਣਨ ਦੇ ਕਾਰਜ ਵਿੱਚ ਜੁਟਿਆ ਹੋਇਆ ਹੈ। ਪ੍ਰਧਾਨ ਮੰਤਰੀ ਵੱਲੋਂ ਜੈਤੋ ਦੇ ਇਸ ਉੱਦਮ ਦਾ ਜ਼ਿਕਰ ਕੀਤੇ ਜਾਣ ਨੂੰ ਸਥਾਨਕ ਪੱਧਰ ’ਤੇ ਕੀਤੇ ਜਾ ਰਹੇ ਕੰਮਾਂ ਲਈ ਮਹੱਤਵਪੂਰਨ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ। ਇਹ ਪਹਿਲਕਦਮੀ ਦੇਸੀ ਨਰਮੇ ਅਤੇ ਖਾਦੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਔਰਤਾਂ ਦੀ ਆਰਥਿਕ ਭਾਗੀਦਾਰੀ ਵਧਾਉਣ ਅਤੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਗੇ ਵਧ ਰਹੀ ਹੈ।