- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਦੀ ਦਾਣਾ ਮੰਡੀ ਵਿੱਚ ਬਾਸਮਤੀ-1509 ਦਾ ਲਗਾਇਆ ਭਾਅ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਜੈਤੋ ਦੀ ਦਾਣਾ ਮੰਡੀ ਦੇ ਖ਼ਰੀਦ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਵਪਾਰ ਮੰਡਲ, ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਵਿਨੈ ਕੁਮਾਰ ‘ਸੋਨੀ ਬਾਂਸਲ’ ਨੇ ਬਾਸਮਤੀ-1509 ਦੀ ਢੇਰੀ ਦਾ ਭਾਅ ਲਗਾਇਆ। ਇਹ ਫ਼ਸਲ ਆੜ੍ਹਤੀਏ ਸੀ.ਆਰ. ਐਂਡ ਸੰਨਜ਼ ਜੈਤੋ ਦੀ ਦੁਕਾਨ ’ਤੇ ਵਿਕਰੀ ਲਈ ਲਿਆਂਦੀ ਗਈ ਸੀ, ਜੋ ਜੈਤੋ ਦੇ ਕਿਸਾਨ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਸੀ। ਇਸ ਬਾਸਮਤੀ-1509 ਦੀ ਫ਼ਸਲ ਨੂੰ 4,300 ਰੁਪਏ ਦੇ ਭਾਅ ਨਾਲ ਰੇਨਬੋ ਗਰੇਨ ਪ੍ਰਾਈਵੇਟ ਲਿਮਟਿਡ ਵੱਲੋਂ ਖ਼ਰੀਦਿਆ ਗਿਆ। ਇਸ ਮੌਕੇ ਮੰਡੀ ਵਿੱਚ ਆੜ੍ਹਤੀਆਂ, ਕਿਸਾਨਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਖ਼ਰੀਦ ਸਬੰਧੀ ਸਰਗਰਮੀਆਂ ਜਾਰੀ ਰਹੀਆਂ। ਵਿਨੈ ਕੁਮਾਰ ‘ਸੋਨੀ ਬਾਂਸਲ’, ਸਪੁੱਤਰ ਛੱਜੂ ਰਾਮ ਬਾਂਸਲ, ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਅਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਵਾਈਸ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਮੌਕੇ ਸੋਨੀ ਬਾਂਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਾਸਮਤੀ ਦੀ ਫ਼ਸਲ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿੱਚ ਲਿਆਉਣ, ਤਾਂ ਜੋ ਖ਼ਰੀਦ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨ ਸਾਲ ਭਰ ਸਖ਼ਤ ਮਿਹਨਤ ਕਰਕੇ ਆਪਣੀ ਫ਼ਸਲ ਤਿਆਰ ਕਰਦੇ ਹਨ, ਇਸ ਲਈ ਫ਼ਸਲ ਦੀ ਸਹੀ ਸੰਭਾਲ ਅਤੇ ਮੰਡੀ ਵਿੱਚ ਲਿਆਉਣ ਸਮੇਂ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਬੇਹੱਦ ਜ਼ਰੂਰੀ ਹਨ। ਸੁੱਕੀ ਬਾਸਮਤੀ ਮੰਡੀ ਵਿੱਚ ਲਿਆਉਣ ਨਾਲ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਦਦ ਮਿਲਦੀ ਹੈ ਅਤੇ ਕਿਸਾਨਾਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਵੀ ਬਚਾਇਆ ਜਾ ਸਕਦਾ ਹੈ। ਇਸ ਮੌਕੇ ਆੜ੍ਹਤੀਏ ਪੰਕਜ ਬਾਂਸਲ ਨੇ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਦੀ ਸਮੇਂ ਸਿਰ ਖ਼ਰੀਦ, ਸਹੀ ਤੁਲਾਈ ਅਤੇ ਸੁਚੱਜੇ ਪ੍ਰਬੰਧ ਕਿਸਾਨਾਂ ਦੇ ਹਿੱਤਾਂ ਲਈ ਮਹੱਤਵਪੂਰਨ ਹਨ। ਕਿਸਾਨਾਂ, ਆੜ੍ਹਤੀਆਂ ਅਤੇ ਖ਼ਰੀਦ ਕਰਨ ਵਾਲੀਆਂ ਕੰਪਨੀਆਂ ਵਿਚਕਾਰ ਆਪਸੀ ਤਾਲਮੇਲ ਬਣਿਆ ਰਹਿਣਾ ਵੀ ਜ਼ਰੂਰੀ ਹੈ, ਤਾਂ ਜੋ ਫ਼ਸਲ ਦੀ ਖ਼ਰੀਦ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਆਪਣੀ ਉਪਜ ਦੀ ਗੁਣਵੱਤਾ ਅਤੇ ਨਮੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੀ.ਪੀ.ਓ. ਰਾਜ ਕੁਮਾਰ, ਸੀ.ਪੀ.ਓ. ਬਬਲੀ ਰਾਣੀਆਂ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਜਗਦੀਸ਼ ਰਾਏ ਗਰਗ ਘਣੀਆਂ, ਪੰਕਜ ਬਾਂਸਲ, ਹੈਪੀ ਕੋਚਰ, ਦੀਪਾਸ਼ੂ ਗੋਇਲ, ਜੌਲੀ ਗਰਗ, ਮੰਡੀ ਸੁਪਰਵਾਈਜ਼ਰ ਮੁਨੀਸ਼ ਕੁਮਾਰ ਅਤੇ ਮੰਡੀ ਸੁਪਰਵਾਈਜ਼ਰ ਜਸਵਿੰਦਰਪਾਲ ਸ਼ਰਮਾ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀ ਹਾਜ਼ਰ ਸਨ।