- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ: ਫ਼ਰੀਦਕੋਟ ਦੇ ਦੋ ਮੈਡੀਕਲ ਸਟੋਰਾਂ ਦੀ ਜਾਂਚ, ਇੱਕ ਦੇ ਰਿਕਾਰਡ ਵਿੱਚ ਮਿਲੀਆਂ ਖਾਮੀਆਂ

ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਫ਼ਰੀਦਕੋਟ ਦੇ ਦੋ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ। ਇਸ ਦੌਰਾਨ ਭਾਵੇਂ ਕਿਸੇ ਵੀ ਸਟੋਰ ਤੋਂ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਨਹੀਂ ਹੋਈਆਂ, ਪਰ ਇੱਕ ਮੈਡੀਕਲ ਸਟੋਰ ਦੇ ਦਵਾਈਆਂ ਦੀ ਖ਼ਰੀਦ-ਵਿਕਰੀ ਸਬੰਧੀ ਰਿਕਾਰਡ ਵਿੱਚ ਖਾਮੀਆਂ ਸਾਹਮਣੇ ਆਈਆਂ ਹਨ। ਵਿਭਾਗ ਵੱਲੋਂ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਸਿਵਲ ਸਰਜਨ ਡਾ. ਰਮਨਦੀਪ ਸਿੰਘ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਰੱਗਜ਼ ਇੰਸਪੈਕਟਰ ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਇਹ ਜਾਂਚ ਕੀਤੀ। ਟੀਮ ਵੱਲੋਂ ਫ਼ਿਰੋਜ਼ਪੁਰ ਰੋਡ ’ਤੇ ਮੱਧੂ ਨਰਸਿੰਗ ਹੋਮ ਨੇੜੇ ਪੁਰੀ ਕਲੋਨੀ ਦੀ ਗਲੀ ਨੰਬਰ 1 ਵਿੱਚ ਸਥਿਤ ਜੇ.ਐੱਸ. ਮੈਡੀਕੇਅਰ ਅਤੇ ਬਲਬੀਰ ਬਸਤੀ ਦੀ ਗਲੀ ਨੰਬਰ 9 ਵਿੱਚ ਸਥਿਤ ਸੰਧੂ ਮੈਡੀਕਲ ਸਟੋਰ ਦੀ ਪੜਤਾਲ ਕੀਤੀ ਗਈ। ਜਾਂਚ ਦੌਰਾਨ ਦੋਵਾਂ ਮੈਡੀਕਲ ਸਟੋਰਾਂ ’ਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਮੇਤ ਕੋਈ ਹੋਰ ਇਤਰਾਜ਼ਯੋਗ ਦਵਾਈ ਨਹੀਂ ਮਿਲੀ। ਹਾਲਾਂਕਿ, ਸੰਧੂ ਮੈਡੀਕਲ ਸਟੋਰ ਦੇ ਰਿਕਾਰਡ ਦੀ ਜਾਂਚ ਕਰਦਿਆਂ ਕੁਝ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਸਬੰਧੀ ਬੇਨਿਯਮੀਆਂ ਸਾਹਮਣੇ ਆਈਆਂ। ਇਸ ਸਬੰਧੀ ਡਰੱਗਜ਼ ਅਤੇ ਕਾਸਮੈਟਿਕਸ ਐਕਟ, 1940 ਅਤੇ ਇਸ ਤਹਿਤ ਬਣਾਏ ਨਿਯਮਾਂ, 1945 ਅਨੁਸਾਰ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾ ਦਿੱਤਾ ਗਿਆ ਹੈ। ਵਿਭਾਗੀ ਟੀਮ ਨੇ ਦੋਵਾਂ ਮੈਡੀਕਲ ਸਟੋਰਾਂ ਦੇ ਸੰਚਾਲਕਾਂ ਨੂੰ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਦਾ ਰਿਕਾਰਡ ਨਿਯਮਾਂ ਅਨੁਸਾਰ ਰੱਖਣ ਅਤੇ ਨਸ਼ੇ ਵਜੋਂ ਵਰਤੀਆਂ ਜਾ ਸਕਣ ਵਾਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਨਿਰਧਾਰਤ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦਵਾਈਆਂ ਦੀ ਵਿਕਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਜਾਂਚ ਦਾ ਮੁੱਖ ਉਦੇਸ਼ ਮੈਡੀਕਲ ਸਟੋਰਾਂ ਰਾਹੀਂ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਨੂੰ ਰੋਕਣਾ ਅਤੇ ਦਵਾਈਆਂ ਦੀ ਖ਼ਰੀਦ-ਵਿਕਰੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਹੈ। ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਅਜਿਹੀਆਂ ਜਾਂਚਾਂ ਰਾਹੀਂ ਦਵਾਈਆਂ ਦੀ ਵਿਕਰੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।