- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਊਟਿੰਗ ਦੇ ਪ੍ਰਾਇਮਰੀ ਸੈਕਸ਼ਨ ਦਾ ਤੀਜੇ ਚਰਨ ਦਾ ਕੈਂਪ ਜੈਤੋ ਵਿਖੇ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ: ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਕੱਬ-ਬੁਲਬੁਲ ਸੈਕਸ਼ਨ ਦੇ ਤੀਜੇ ਚਰਨ ਦਾ ਕੈਂਪ ਸੈਂਟਰ ਜੈਤੋ ਵਿਖੇ ਸ਼ੁਰੂ ਹੋ ਗਿਆ ਹੈ। ਕੈਂਪ ਦਾ ਮੁੱਖ ਉਦੇਸ਼ ਪ੍ਰਾਇਮਰੀ ਪੱਧਰ ਦੇ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਯੋਗ, ਸੇਵਾ ਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਹੈ। ਕੈਂਪ ਦੌਰਾਨ ਬੱਚਿਆਂ ਨੂੰ ਖੇਡਾਂ ਅਤੇ ਦਿਲਚਸਪ ਗਤੀਵਿਧੀਆਂ ਰਾਹੀਂ ਜੀਵਨ ਦੀਆਂ ਮਹੱਤਵਪੂਰਨ ਸਿੱਖਿਆਵਾਂ ਦਿੱਤੀਆਂ ਜਾ ਰਹੀਆਂ ਹਨ। ਕੈਂਪ ਦੌਰਾਨ ਬੱਚਿਆਂ ਨੂੰ ਸਕਾਊਟਿੰਗ ਦੀਆਂ ਮੁੱਢਲੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਗਿਆ। ਇਸ ਤਹਿਤ ਪਰਮ ਸਨਮਾਨ, ਭਾਲੂ ਦੀ ਖੇਡ, ਸਕਾਊਟਿੰਗ ਦੇ ਨਿਯਮ, ਬੁਲਬੁਲ ਗਰੀਟਿੰਗ ਅਤੇ ਪ੍ਰਾਰਥਨਾ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਦੂਜਿਆਂ ਦਾ ਸਤਿਕਾਰ ਕਰਨ, ਅਨੁਸ਼ਾਸਨ ਵਿੱਚ ਰਹਿਣ, ਆਪਸੀ ਸਾਂਝ ਵਧਾਉਣ ਅਤੇ ਮਿਲਜੁਲ ਕੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਸਕਾਊਟਿੰਗ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਗਿਆ ਕਿ ਕੱਬ-ਬੁਲਬੁਲ ਸੈਕਸ਼ਨ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਛੋਟੀ ਉਮਰ ਵਿੱਚ ਖੇਡਾਂ ਅਤੇ ਵਿਹਾਰਕ ਗਤੀਵਿਧੀਆਂ ਰਾਹੀਂ ਮਿਲਣ ਵਾਲੀ ਸਿੱਖਿਆ ਬੱਚਿਆਂ ਦੇ ਵਿਅਕਤੀਤਵ ਨੂੰ ਨਿਖਾਰਨ ਵਿੱਚ ਸਹਾਈ ਹੁੰਦੀ ਹੈ। ਸਕਾਊਟਿੰਗ ਰਾਹੀਂ ਬੱਚਿਆਂ ਵਿੱਚ ਸਵੈ-ਅਨੁਸ਼ਾਸਨ, ਆਤਮ-ਨਿਰਭਰਤਾ, ਕੁਦਰਤ ਪ੍ਰਤੀ ਪਿਆਰ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਕੈਂਪ ਦਾ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜੀਵਨ ਵਿੱਚ ਕੰਮ ਆਉਣ ਵਾਲੇ ਗੁਣਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ, ਅਨੁਸ਼ਾਸਿਤ ਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਫਲਾਕ ਲੀਡਰ ਰਾਜਬੀਰ ਕੌਰ, ਕੱਬ ਮਾਸਟਰ ਕਰਨਵੀਰ ਸਿੰਘ, ਰਾਕੇਸ਼ ਕੁਮਾਰ, ਰਣਜੀਤ ਸਿੰਘ, ਅਧਿਆਪਕਾ ਜਸਬੀਰ ਕੌਰ, ਰੀਤੂ ਗਰਗ, ਨੀਟਾ, ਰਾਮ ਗੋਪਾਲ ਅਤੇ ਮੁੱਖ ਅਧਿਆਪਕ ਚਰਨਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।