- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਰੀਦ ਏਜੰਸੀਆਂ ਵੱਲੋਂ ਸਾਨੂੰ ਬਣਦਾ ਕਰਾਇਆ ਨਹੀਂ ਦਿੱਤਾ ਜਾ ਰਿਹੈ : ਰਾਜਾ ਸੰਧੂ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਦਾਣਾ ਮੰਡੀ ਸਾਦਿਕ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਧਰਮਪਤਨੀ ਬੀਬੀ ਬੇਅੰਤ ਕੌਰ ਸੇਖੋਂ ਸਾਦਿਕ ਆਏ।ਉਨਾਂ ਦੱਸਿਆ ਕਿ ਸ਼ੈਸ਼ਨ ਚੱਲਦਾ ਹੋਣ ਕਾਰਨ ਵਿਧਾਇਕ ਸੇਖੋਂ ਨਹੀਂ ਆ ਸਕੇ ਪਰ ਉਹ ਮੰਡੀਆਂ ਦੀ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ।ਬੀਬੀ ਸੇਖੋਂ ਨੂੰ ਟਰੱਕ ਅਪ੍ਰੇਟਰਾਂ ਦੀ ਸਮੱਸਿਆ ਸਬੰਧੀ ਜਾਣੂ ਕਰਾਉਂਦੇ ਹੋਏ ਟਰੱਕ ਯੂਨੀਅਨ ਸਾਦਿਕ ਦੇ ਪ੍ਰਧਾਨ ਸੁਖਰਾਜ ਸਿੰਘ ਰਾਜਾ ਸੰਧੂ ਨੇ ਦੱਸਿਆ ਕਿ ਬੁੱਟਰ ਮੰਡੀ ਤੋਂ ਜੋ ਟਰੱਕ ਭਰ ਕੇ ਜਾਂਦੇ ਹਨ ਉਹ ਲਿੰਕ ਸੜਕਾਂ ਰਾਂਹੀ ਨਹੀਂ ਜਾ ਸਕਦੇ ਤੇ ਉਹ ਵਾਇਆ ਸਾਦਿਕ ਹੋ ਕੇ ਸ਼ੈਲਰਾਂ ਵਿੱਚ ਜਾਂਦੇ ਹਨ ਜਦੋਂ ਕਿ ਖਰੀਦ ਏਜੰਸੀਆਂ ਪਿੰਡਾਂ ਵਿੱਚ ਦੀ ਜਿਵੇਂ ਝੋਕ ਸਰਕਾਰੀ ਵਿੱਚ ਦੀ ਟਰੱਕ ਲੰਘਾਉਣ ਦੀ ਅਦਾਇਗੀ ਕਰ ਰਹੇ ਹਨ। ਜਿਸ ਕਾਰਨ ਟਰੱਕ ਅਪ੍ਰੇਟਰਾਂ ਨੂੰ ਘਾਟਾ ਪੈ ਰਿਹਾ ਹੈ ਤੇ ਪਿਛਲੇ ਸੀਜ਼ਨ ਵੀ ਸਾਨੂੰ ਬਣਦਾ ਕਰਾਇਆ ਨਹੀਂ ਦਿੱਤਾ ਗਿਆ। ਲੋਕਲ ਮਾਲ ਦਾ ਕਰਾਇਆ ਵੈਸੇ ਹੀ ਬਹੁਤ ਘੱਟ ਹੈ।ਜਿਸ ਰਸਤੇ ਦੀ ਖਰੀਦ ਏਜੰਸੀਆਂ ਨੇ ਪਮਾਇਸ਼ ਕਰਕੇ ਕਰਾਇਆ ਦੇਣਾ ਹੈ ਉਥੋਂ ਤਾਂ ਕਾਰ ਮਸਾਂ ਲੰਘਦੀ ਹੈ ਤੇ ਖਾਲੀ ਟਰੱਕ ਵੀ ਨਹੀਂ ਲੰਘ ਸਕਦਾ। ਇਸੇ ਤਰਾਂ ਖਰੀਦ ਕੇਂਦਰ ਜੰਡ ਸਾਹਿਬ ਤੋਂ ਵਾਇਆ ਸਾਦਿਕ ਰਾਂਹੀ ਸ਼ੈਲਰਾਂ ਵਿੱਚ ਜਾਣਾ ਪੈਂਦਾ ਹੈ ਤੇ ਏਜੰਸੀਆਂ ਪਿੰਡ ਮਰਾੜ੍ਹ ਵਿੱਚ ਦੀ ਮੈਪਿੰਗ ਕਰਕੇ ਕਰਾਇਆ ਦੇ ਰਹੀਆਂ ਹਨ। ਅਸੀਂ ਪਿਛਲੇ ਸ਼ੀਜਨ ਵੀ ਖਰੀਦ ਏਜੰਸੀਆਂ ਨੂੰ ਲਿਖਤੀ ਦਿੱਤਾ ਪਰ ਫਿਰ ਵੀ ਸਾਨੂੰ ਸਹੀ ਬਣਦਾ ਕਰਾਇਆ ਨਹੀਂ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਖਰੀਦ ਕੇਂਦਰ ਡੋਡ ਤੋਂ ਜੋ ਟਰੱਕ ਜਾਂਦੇ ਹਨ ਉਹ ਸਾਦਿਕ ਵਿੱਚ ਦੀ ਲੰਘ ਕੇ ਜਾਂਦੇ ਹਨ ਜਿਸ ਕਰਕੇ ਟਰੱਕਾਂ ਵਾਲਿਆਂ ਨੂੰ ਸਾਰੀਆਂ ਖਰੀਦ ਏਜੰਸੀਆਂ ਤੋਂ ਸ਼ੈਲਰਾਂ ਵਿੱਚ ਜਾਣ ਲਈ ਕਈ ਕਿਲੋਮੀਟਰ ਵੱਧ ਤੈਅ ਕਰਨਾ ਪੈ ਰਿਹਾ ਹੈ।ਜੋ ਕਿ ਸਰਾਸਰ ਧੱਕਾ ਹੈ।ਜਦ ਅਸੀਂ ਟਰੱਕ ਰੋਕਦੇ ਹਾਂ ਤਾਂ ਜਿਲਾ ਪ੍ਰਸ਼ਾਸ਼ਨ ਸਾਡੇ ਤੇ ਪ੍ਰੈਸ਼ਰ ਪਾ ਕੇ ਟਰੱਕ ਭੇਜਣ ਲਈ ਮਜਬੂਰ ਕਰਦਾ ਹੈ।ਰਾਜਾ ਸੰਧੂ ਦੀ ਗੱਲ ਧਿਆਨ ਨਾਲ ਸੁਨਣ ਉਪਰੰਤ ਬੀਬੀ ਸੇਖੋਂ ਨੇ ਵਿਸ਼ਵਾਸ਼ ਦਿਵਾਇਆ ਕਿ ਐਮ.ਐਲ.ਏ ਗੁਰਦਿੱਤ ਸੇਖੋਂ ਆ ਕੇ ਮਸਲਾ ਹੱਲ ਕਰਨਗੇ। ਉਨਾਂ ਮੰਗ ਕੀਤੀ ਕਿ ਸਾਨੂੰ ਪਿਛਲੇ ਅਤੇ ਇਸ ਸ਼ੀਜ਼ਨ ਦਾ ਬਣਦਾ ਸਹੀ ਕਰਾਇਆ ਦਿੱਤਾ ਜਾਵੇ।ਇਸ ਮੌਕੇ ਰਮਨਦੀਪ ਸਿੰਘ ਮੁਮਾਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਧਰਮਪ੍ਰੀਤ ਸਿੰਘ ਮੁੱਖ ਮੁਨਸ਼ੀ, ਸੁਖਦੀਪ ਸਿੰਘ, ਮਨਪ੍ਰੀਤ ਸਿੰਘ ਸੇਖੋਂ, ਰਵਨੀਤ ਸਿੰਘ ਘੋਨੀਵਾਲਾ ਤੇ ਪਰਗਟ ਸਿੰਘ ਸੰਧੂ ਵੀ ਹਾਜਰ ਸਨ।