- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈੱਡ ਰੀਬਨ ਕਲੱਬ ਵੱਲੋਂ ਖੂਨਦਾਨ ਬਾਰੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਕੋਟਕਪੂਰਾ ਵਿਖੇ ਰੈੱਡ ਰੀਬਨ ਕਲੱਬ ਵੱਲੋਂ ਪ੍ਰਿੰਸੀਪਲ ਗੁਲਸ਼ਨ ਕੁਮਾਰ ਅਹੂਜਾ ਦੀ ਰਹਿਨੁਮਾਈ ਹੇਠ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਕਾਲਜ ਦੇ ਵੱਖ-ਵੱਖ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਆਪਣੇ ਪੋਸਟਰਾਂ ਰਾਹੀਂ ਖੂਨਦਾਨ ਦੀ ਮਹੱਤਤਾ ਅਤੇ ਮਨੁੱਖੀ ਜੀਵਨ ਬਚਾਉਣ ਵਿੱਚ ਇਸ ਦੀ ਭੂਮਿਕਾ ਨੂੰ ਦਰਸਾਇਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਸਿਰਜਣਾਤਮਕਤਾ ਦਾ ਪ੍ਰਗਟਾਵਾ ਕਰਦਿਆਂ ਖੂਨਦਾਨ ਸਬੰਧੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਮੁਕਾਬਲੇ ਦੀ ਸਮਾਪਤੀ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੈੱਡ ਰੀਬਨ ਕਲੱਬ ਦੀ ਇੰਚਾਰਜ ਸੁਖਵੀਰ ਕੌਰ ਨੇ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੂਨਦਾਨ ਇੱਕ ਅਜਿਹਾ ਨੇਕ ਕਾਰਜ ਹੈ, ਜਿਸ ਰਾਹੀਂ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਸਮਾਜ ਵਿੱਚ ਖੂਨਦਾਨ ਪ੍ਰਤੀ ਸਕਾਰਾਤਮਕ ਸੋਚ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਗੁਲਸ਼ਨ ਕੁਮਾਰ ਅਹੂਜਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੇਵਾ ਦਾ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਸਿਹਤਮੰਦ ਵਿਅਕਤੀਆਂ ਨੂੰ ਖੂਨਦਾਨ ਲਈ ਅੱਗੇ ਆਉਣ ਅਤੇ ਹੋਰਨਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।