ਫ਼ਰੀਦਕੋਟ ਪੁਲਿਸ ਦੀ ਐਮਰਜੈਂਸੀ ਸੇਵਾ ਨੂੰ ਮਿਲੇ 8 ਨਵੇਂ ਪੀਸੀਆਰ ਮੋਟਰਸਾਈਕਲ ਫ਼ਰੀਦਕੋਟ ਪੁਲਿਸ ਦੀ ਐਮਰਜੈਂਸੀ ਸੇਵਾ ਨੂੰ ਮਿਲੇ 8 ਨਵੇਂ ਪੀਸੀਆਰ ਮੋਟਰਸਾਈਕਲ
Publish Date: Thu, 22 Oct 2026 04:22 PM (IST)
Updated Date: Thu, 22 Oct 2026 04:24 PM (IST)
ਡਾਇਲ-112 ਦੀਆਂ ਕਾਲਾਂ ’ਤੇ ਤੁਰੰਤ ਪਹੁੰਚਣ ਲਈ ਹੋਣਗੇ ਤਾਇਨਾਤ ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਪੁਲਿਸ ਵੱਲੋਂ ਐਮਰਜੈਂਸੀ ਸਥਿਤੀਆਂ ਵਿੱਚ ਲੋਕਾਂ ਤੱਕ ਜਲਦੀ ਪਹੁੰਚ ਬਣਾਉਣ ਅਤੇ ਪੁਲਿਸ ਸਹਾਇਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਬੇੜੇ ਵਿੱਚ 8 ਨਵੇਂ ਪੀਸੀਆਰ ਮੋਟਰਸਾਈਕਲ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਮੋਟਰਸਾਈਕਲਾਂ ਦੀ ਤਾਇਨਾਤੀ ਨਾਲ ਡਾਇਲ-112 ਰਾਹੀਂ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਨ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪੁਲਿਸ ਦੀ ਪਹੁੰਚ ਸੁਖਾਲੀ ਬਣਾਉਣ ਵਿੱਚ ਮਦਦ ਮਿਲੇਗੀ। ਇਹ ਵਾਹਨ 24 ਘੰਟੇ ਲੋਕਾਂ ਦੀ ਸੇਵਾ ਲਈ ਤਾਇਨਾਤ ਰਹਿਣਗੇ। ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਇਨ੍ਹਾਂ ਮੋਟਰਸਾਈਕਲਾਂ ਨੂੰ ਡਿਊਟੀ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ਨੂੰ ਡਾਇਲ-112 ਐਮਰਜੈਂਸੀ ਸੇਵਾ ਅਤੇ ਕੋਟਕਪੂਰਾ ਸਬ-ਡਵੀਜ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਐੱਸਐੱਸਪੀ ਨੇ ਤਾਇਨਾਤ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਐਮਰਜੈਂਸੀ ਸੂਚਨਾ ਮਿਲਣ ’ਤੇ ਬਿਨਾਂ ਦੇਰੀ ਕਾਰਵਾਈ ਕੀਤੀ ਜਾਵੇ ਅਤੇ ਘੱਟ ਤੋਂ ਘੱਟ ਸਮੇਂ ਵਿੱਚ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਨਵੇਂ ਪੀਸੀਆਰ ਮੋਟਰਸਾਈਕਲਾਂ ਦੀ ਤਾਇਨਾਤੀ ਨਾਲ ਉਨ੍ਹਾਂ ਇਲਾਕਿਆਂ ਵਿੱਚ ਪੁਲਿਸ ਦੀ ਆਵਾਜਾਈ ਵਧੇਰੇ ਸੁਖਾਲੀ ਹੋਵੇਗੀ, ਜਿੱਥੇ ਵੱਡੇ ਪੁਲਿਸ ਵਾਹਨਾਂ ਨੂੰ ਪਹੁੰਚਣ ਵਿੱਚ ਮੁਸ਼ਕਲ ਆਉਂਦੀ ਹੈ। ਤੰਗ ਗਲੀਆਂ, ਭੀੜ ਵਾਲੇ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਮੋਟਰਸਾਈਕਲਾਂ ਰਾਹੀਂ ਜਲਦੀ ਪਹੁੰਚ ਕੇ ਸਥਿਤੀ ਨੂੰ ਸੰਭਾਲਣ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਐਮਰਜੈਂਸੀ ਦੌਰਾਨ ਪੁਲਿਸ ਦੀ ਪ੍ਰਤੀਕਿਰਿਆ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਐੱਸਐੱਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੁਲਿਸ ਪ੍ਰਬੰਧਾਂ ਨੂੰ ਆਧੁਨਿਕ ਸਹੂਲਤਾਂ ਅਤੇ ਤਕਨਾਲੋਜੀ ਨਾਲ ਲੈਸ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਐਮਰਜੈਂਸੀ ਕਾਲਾਂ ’ਤੇ ਤੁਰੰਤ ਕਾਰਵਾਈ ਕਰਨਾ ਅਤੇ ਜਨਤਾ ਨੂੰ ਬਿਹਤਰ ਪੁਲਿਸ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਤਾਇਨਾਤ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਚੌਕਸ ਰਹਿਣ, ਅਨੁਸ਼ਾਸਨ ਬਣਾਈ ਰੱਖਣ ਅਤੇ ਲੋਕਾਂ ਨਾਲ ਪੇਸ਼ੇਵਰ ਤੇ ਜ਼ਿੰਮੇਵਾਰਾਨਾ ਵਿਵਹਾਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਮੋਟਰਸਾਈਕਲਾਂ ਨਾਲ ਐਮਰਜੈਂਸੀ ਸੇਵਾਵਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਆਵੇਗਾ ਅਤੇ ਪੁਲਿਸ ਤੇ ਆਮ ਲੋਕਾਂ ਵਿਚਾਲੇ ਤਾਲਮੇਲ ਹੋਰ ਮਜ਼ਬੂਤ ਹੋਵੇਗਾ। ਇਸ ਮੌਕੇ ਐੱਸਪੀ (ਸਥਾਨਕ) ਜਸਪ੍ਰੀਤ ਸਿੰਘ, ਡੀਐੱਸਪੀ ਕੋਟਕਪੂਰਾ ਸੰਜੀਵ ਕੁਮਾਰ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।