ਜੈਤੋ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਜੈਤੋ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
Publish Date: Wed, 21 Oct 2026 04:40 PM (IST)
Updated Date: Thu, 22 Oct 2026 04:01 AM (IST)
ਆਪਣੇ ਅੰਦਰਲੇ ਰਾਵਣ, ਝੂਠ ਤੇ ਹੰਕਾਰ ਦਾ ਕਰੋ ਅੰਤ : ਵਿਧਾਇਕ ਅਮੋਲਕ ਸਿੰਘ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਬੁਰਾਈ ’ਤੇ ਚੰਗਿਆਈ, ਝੂਠ ’ਤੇ ਸੱਚਾਈ ਅਤੇ ਅਧਰਮ ’ਤੇ ਧਰਮ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵੱਲੋਂ ਸਥਾਨਕ ਰਾਮਲੀਲਾ ਮੈਦਾਨ ਵਿਖੇ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ, ਸ਼ਾਨਦਾਰ ਆਤਿਸ਼ਬਾਜ਼ੀ ਅਤੇ ਰਾਵਣ ਦੇ ਪੁਤਲੇ ਦੇ ਦਹਿਨ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਮਨਪ੍ਰੀਤ ਕੌਰ ਅਤੇ ਬੇਟੀ ਅਬਾਦਤ ਕੌਰ ਵੀ ਮੌਜੂਦ ਸਨ। ਵਿਸ਼ੇਸ਼ ਮਹਿਮਾਨਾਂ ਵਜੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਭੱਟੀ, ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ, ਬਨੂੜ (ਚੰਡੀਗੜ੍ਹ) ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ), ਪ੍ਰਧਾਨ ਅਸ਼ੋਕ ਕੁਮਾਰ ਗਰਗ, ਰਾਮਬਾਗ ਕਮੇਟੀ ਜੈਤੋ ਦੇ ਖ਼ਜ਼ਾਨਚੀ ਘਨੱਈਆ ਲਾਲ ਗਰਗ, ਨਗਰ ਕੌਂਸਲ ਜੈਤੋ ਦੀ ਪ੍ਰਧਾਨ ਨਿਰਮਲਾ ਦੇਵੀ ਗਰਗ, ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਦੁਸਹਿਰਾ ਸਾਨੂੰ ਸੱਚਾਈ, ਨੇਕੀ, ਮਰਿਆਦਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਾਵਣ ਦੇ ਪੁਤਲੇ ਦਾ ਦਹਿਨ ਕਰਨ ਦੇ ਨਾਲ-ਨਾਲ ਹਰ ਵਿਅਕਤੀ ਨੂੰ ਆਪਣੇ ਅੰਦਰ ਮੌਜੂਦ ਝੂਠ, ਹੰਕਾਰ, ਈਰਖਾ ਅਤੇ ਨਫ਼ਰਤ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਦੁਸਹਿਰਾ ਸਮਾਗਮ ਦੌਰਾਨ ਕਰਵਾਏ ਗਏ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਕਲਾਕਾਰਾਂ ਨੇ ਗੀਤਾਂ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੋਨੂੰ ਸੂਰੀ ਅਤੇ ਅਰਸ਼ ਲੂੰਬਾ ਨੇ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਸਹਿਯੋਗੀਆਂ, ਕਲਾਕਾਰਾਂ ਅਤੇ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤਿਮ ਪੜਾਅ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਮਗਰੋਂ ਮੁੱਖ ਮਹਿਮਾਨ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ। ਇਸ ਦੌਰਾਨ ਮੈਦਾਨ ਵਿੱਚ ਮੌਜੂਦ ਲੋਕਾਂ ਨੇ ਬੁਰਾਈ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਦੀਆਂ ਖ਼ੁਸ਼ੀਆਂ ਮਨਾਈਆਂ। ਕਲੱਬ ਦੇ ਅਹੁਦੇਦਾਰਾਂ ਨੇ ਨਿਭਾਈ ਅਹਿਮ ਭੂਮਿਕਾ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸੰਦੀਪ ਸ਼ਰਮਾ ‘ਟੋਨੀ ਪਾਟਿਲ’, ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਚੇਅਰਮੈਨ ਐਡਵੋਕੇਟ ਸਤੀਸ਼ ਕੁਮਾਰ ‘ਭੀਰੀ’, ਵਾਈਸ ਚੇਅਰਮੈਨ ਈਸ਼ਵਰ ਜਿੰਦਲ ‘ਈਸ਼ੂ’, ਅਸ਼ੋਕ ਕੁਮਾਰ ਗਰਗ, ਮਾਣਕ ਸ਼ਾਹ, ਨਰੇਸ਼ ਸ਼ਿਵਾ (ਸ਼ਿਵਾ ਸਟੂਡੀਓ), ਸੀਨੀਅਰ ਵਾਈਸ ਪ੍ਰਧਾਨ ਨਰਿੰਦਰ ‘ਨਿੰਦੀ ਸ਼ਰਮਾ’, ਸਕੱਤਰ ਨਰੇਸ਼ ਮਿੱਤਲ, ਮੈਨੇਜਰ ਸੁਨੀਲ ਗਰਗ ‘ਫੈਟੀ’, ਖ਼ਜ਼ਾਨਚੀ ਸੁਰਿੰਦਰ ਗੋਇਲ ‘ਭੁੱਚੀ’, ਸੰਗੀਤ ਨਿਰਦੇਸ਼ਕ ਸੋਨੂੰ ਵਰਮਾ ਅਤੇ ਰਾਮ ਅਵਤਾਰ ਵਰਮਾ, ਪ੍ਰੈੱਸ ਸਕੱਤਰ ਸੰਦੀਪ ਲੂੰਬਾ, ਪੀ.ਆਰ.ਓ. ਪੰਕਜ ਜਿੰਦਲ, ਸਟੋਰਕੀਪਰ ਟਿੱਕੂ ਢੱਲਾ ਅਤੇ ਗਣੇਸ਼ ਗੋਇਲ ‘ਡੋਲਾ’, ਸਵਾਗਤ ਕਮੇਟੀ ਦੇ ਆਗੂ ਚੌਧਰੀ ਦਰਸ਼ਨ ਮਿੱਤਲ ਅਤੇ ਟੋਨੀ ਡੋਡ, ਮੇਕਅੱਪ ਡਾਇਰੈਕਟਰ ਪਾਲਾ ਰਾਵਣ, ਟੋਨੀ ਵਰਮਾ, ਅਸ਼ੀਸ਼ ਬਰਗਾੜੀ, ਬਿੰਦੂ ਸਦਿਓੜਾ, ਸੋਨੂੰ ਸੂਰੀ ਅਤੇ ਅਰਸ਼ ਲੂੰਬਾ ਸਮੇਤ ਕਲੱਬ ਦੇ ਸਮੂਹ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਸੰਦੀਪ ਸ਼ਰਮਾ ‘ਟੋਨੀ ਪਾਟਿਲ’ ਨੇ ਮਹਿਮਾਨਾਂ, ਸਹਿਯੋਗੀਆਂ, ਕਲਾਕਾਰਾਂ, ਪੱਤਰਕਾਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।