- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਦੀ ਅਣਦੇਖੀ ਵਿਰੁੱਧ ਮੁਲਾਜ਼ਮਾਂ ਦਾ ਰੋਸ, ਫਰੀਦਕੋਟ ’ਚ ਸਾਂਝੀ ਤਾਲਮੇਲ ਕਮੇਟੀ ਦੀ ਮਹਾਂ ਰੈਲੀ

ਜਗਮੀਤ ਸਿੰਘ ਪੰਜਾਬੀ ਜਾਗਰਣ ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਸੂਬੇ ਭਰ ਦੇ ਮੁਲਾਜ਼ਮਾਂ, ਅਧਿਆਪਕਾਂ ਅਤੇ ਪੈਨਸ਼ਨਰਾਂ ਵੱਲੋਂ 21 ਅਤੇ 22 ਅਕਤੂਬਰ ਨੂੰ ਦੋ ਰੋਜ਼ਾ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਵਿੱਢਿਆ ਗਿਆ ਹੈ। ਇਸੇ ਲੜੀ ਤਹਿਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮਹਾਂ ਰੈਲੀ ਕੀਤੀ ਗਈ। ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜ਼ਮਾਂ, ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਹਰਪ੍ਰੀਤ ਸਿੰਘ, ਜਤਿੰਦਰ ਕੁਮਾਰ, ਬਿਕਰਮਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖੀ, ਸਿਮਰਜੀਤ ਸਿੰਘ ਬਰਾੜ, ਹਰਮਨਪ੍ਰੀਤ ਕੌਰ ਗਿੱਲ, ਸਰਬਜੀਤ ਕੌਰ ਮਚਾਕੀ, ਗੁਰਪ੍ਰੀਤ ਸਿੰਘ ਔਲਖ, ਬਲਕਾਰ ਸਿੰਘ ਸਹੋਤਾ ਅਤੇ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਖੀਵਾ, ਵੀਰਇੰਦਰ ਜੀਤ ਸਿੰਘ ਪੁਰੀ, ਰਮੇਸ਼ ਕੌਸ਼ਲ ਤੇ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਇਸ ਨੂੰ ਸੂਬੇ ਵਿੱਚ ਲਾਗੂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਮਹਿੰਗਾਈ ਭੱਤੇ (ਡੀਏ) ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਵਿੱਚ ਵੀ ਸਰਕਾਰ ਵੱਲੋਂ ਟਾਲਮਟੋਲ ਕੀਤੀ ਜਾ ਰਹੀ ਹੈ। ਰੈਲੀ ਦੌਰਾਨ ਪ੍ਰੀਤਭਗਵਾਨ ਸਿੰਘ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਸਖਮੰਦਰ ਸਿੰਘ ਗਿੱਲ, ਧਰਵਿੰਦਰ ਸਿੰਘ ਗਗਨ ਪਾਹਵਾ, ਜਤਿੰਦਰ ਹੰਸ, ਸੁਨੀਲ ਸਿੰਗਲਾ, ਜਸਵਿੰਦਰ ਬਰਗਾੜੀ, ਮਨਦੀਪ ਕਪੂਰ, ਬਲਵਿੰਦਰ ਸ਼ਰਮਾ, ਵਰਿੰਦਰ ਅਮਰ, ਰਵੀਇੰਦਰ ਸਿੰਘ ਘਾਲੀ, ਗੁਰਬਿੰਦਰ ਸਿੰਘ, ਕਰਨ ਜੈਨ, ਰਘਵੀਰ ਸਿੰਘ, ਮਨਜੀਤ ਕੌਰ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਓਮ ਪ੍ਰਕਾਸ਼ ਬੋਹਿਤ, ਕੁਲਜੀਤ ਸਿੰਘ ਬਬੀਹਾ ਅਤੇ ਅਜੀਤ ਸਿੰਘ ਖਾਲਸਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਮੁਲਾਜ਼ਮਾਂ, ਅਧਿਆਪਕਾਂ ਅਤੇ ਪੈਨਸ਼ਨਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋ ਕੇ ਸੰਘਰਸ਼ ਵਿੱਚ ਡਟਣ ਦੀ ਅਪੀਲ ਕੀਤੀ। ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ 22 ਅਕਤੂਬਰ ਨੂੰ ਜੈਤੋ, ਕੋਟਕਪੂਰਾ ਅਤੇ ਫਰੀਦਕੋਟ ਵਿਖੇ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।