- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਰੋਡ ਦਾ ਨਿਰਮਾਣ ਲਟਕਣ ਕਾਰਨ ਕੋਟਕਪੂਰਾ ਦੇ ਦੁਕਾਨਦਾਰਾਂ ਦੀਆਂ ਵਧੀਆਂ ਮੁਸ਼ਕਲਾਂ

ਸੜਕ ਬੰਦ ਹੋਣ ਨਾਲ ਆਵਾਜਾਈ ਪ੍ਰਭਾਵਿਤ, ਦੁਸਹਿਰੇ ਮੌਕੇ ਵੀ ਬਾਜ਼ਾਰ ’ਚ ਨਹੀਂ ਆਈ ਰੌਣਕ
ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਸ਼ਹਿਰ ਦੀ ਮੁੱਖ ਮੋਗਾ ਰੋਡ ’ਤੇ ਚੱਲ ਰਿਹਾ ਨਿਰਮਾਣ ਕਾਰਜ ਲੋਕਾਂ ਅਤੇ ਵਪਾਰੀਆਂ ਲਈ ਮੁਸ਼ਕਲਾਂ ਦਾ ਕਾਰਨ ਬਣਿਆ ਹੋਇਆ ਹੈ। ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਈ ਸੜਕ ਦੀ ਉਸਾਰੀ ਸ਼ੁਰੂ ਹੋਣ ਨਾਲ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਉਮੀਦ ਜਾਗੀ ਸੀ, ਪਰ ਨਿਰਮਾਣ ਕਾਰਜ ਦੌਰਾਨ ਸੜਕ ਨੂੰ ਪੁੱਟ ਕੇ ਦੋਵੇਂ ਪਾਸਿਆਂ ਤੋਂ ਬੰਦ ਕਰ ਦੇਣ ਕਾਰਨ ਪਿਛਲੇ ਕਰੀਬ 15 ਤੋਂ 20 ਦਿਨਾਂ ਤੋਂ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਦਾ ਸਿੱਧਾ ਅਸਰ ਸੜਕ ਕਿਨਾਰੇ ਸਥਿਤ ਦੁਕਾਨਾਂ ਦੇ ਕਾਰੋਬਾਰ ’ਤੇ ਪੈ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਗਾਹਕਾਂ ਦੀ ਆਮਦ ਘਟਣ ਕਾਰਨ ਦੁਕਾਨਦਾਰਾਂ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਮੋਗਾ ਰੋਡ ਕੋਟਕਪੂਰਾ ਦੀਆਂ ਅਹਿਮ ਸੜਕਾਂ ਵਿੱਚੋਂ ਇੱਕ ਹੈ, ਜਿੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਇਸ ਰਸਤੇ ਰਾਹੀਂ ਮੋਗਾ ਅਤੇ ਬਠਿੰਡਾ ਵੱਲੋਂ ਆਉਣ ਵਾਲੇ ਰਾਹਗੀਰ ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵੱਲ ਜਾਂਦੇ ਹਨ। ਅਜਿਹੇ ਵਿੱਚ ਸੜਕ ਬੰਦ ਹੋਣ ਕਾਰਨ ਸਥਾਨਕ ਲੋਕਾਂ ਦੇ ਨਾਲ-ਨਾਲ ਬਾਹਰੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਆਵਾਜਾਈ ਬਦਲਵੇਂ ਰਸਤਿਆਂ ਰਾਹੀਂ ਚਲਾਉਣ ਲਈ ਢੁੱਕਵੀਂ ਜਾਣਕਾਰੀ ਨਾ ਮਿਲਣ ਕਾਰਨ ਕਈ ਵਾਰ ਵਾਹਨ ਚਾਲਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ।
ਦੋਵੇਂ ਪਾਸੇ ਰਸਤਾ ਬੰਦ ਹੋਣ ਨਾਲ ਵਧੀ ਪਰੇਸ਼ਾਨੀ
ਨਿਰਮਾਣ ਕਾਰਜ ਕਾਰਨ ਤਿਕੋਣੀ ਚੌਕ ਨੇੜੇ ਅਤੇ ਦੂਜੇ ਪਾਸੇ ਗਿਆਨੀ ਜ਼ੈਲ ਸਿੰਘ ਮਾਰਕੀਟ ਦੇ ਕੋਲ ਵੱਡੇ ਪੱਥਰ ਲਗਾ ਕੇ ਰਸਤਾ ਬੰਦ ਕੀਤਾ ਗਿਆ ਹੈ। ਇਸ ਕਾਰਨ ਲੋਕਾਂ ਲਈ ਇਸ ਸੜਕ ਤੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਦੀ ਉਸਾਰੀ ਜ਼ਰੂਰੀ ਹੈ, ਪਰ ਇਸ ਦੌਰਾਨ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦੇਣ ਦੀ ਬਜਾਏ ਅਜਿਹੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ, ਜਿਸ ਨਾਲ ਵਿਕਾਸ ਕਾਰਜ ਵੀ ਜਾਰੀ ਰਹੇ ਅਤੇ ਲੋਕਾਂ ਨੂੰ ਵੀ ਘੱਟ ਤੋਂ ਘੱਟ ਮੁਸ਼ਕਲ ਆਵੇ। ਉਨ੍ਹਾਂ ਅਨੁਸਾਰ ਪਹਿਲਾਂ ਸੜਕਾਂ ਦੀ ਉਸਾਰੀ ਸਮੇਂ ਇੱਕ ਪਾਸੇ ਦਾ ਕੰਮ ਮੁਕੰਮਲ ਕਰਕੇ ਦੂਜੇ ਪਾਸੇ ਤੋਂ ਆਵਾਜਾਈ ਚਾਲੂ ਰੱਖੀ ਜਾਂਦੀ ਸੀ। ਇਸ ਤਰ੍ਹਾਂ ਲੋਕਾਂ ਨੂੰ ਆਉਣ-ਜਾਣ ਲਈ ਰਸਤਾ ਮਿਲਦਾ ਰਹਿੰਦਾ ਸੀ। ਦੁਕਾਨਦਾਰਾਂ ਨੇ ਸੁਝਾਅ ਦਿੱਤਾ ਕਿ ਜੇਕਰ ਨਿਰਮਾਣ ਕਾਰਜ ਰਾਤ ਸਮੇਂ ਕਰਵਾਇਆ ਜਾਣਾ ਹੈ ਤਾਂ ਦਿਨ ਵੇਲੇ ਛੋਟੇ ਵਾਹਨਾਂ ਲਈ ਆਵਾਜਾਈ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਦੁਕਾਨਾਂ ਤੱਕ ਗਾਹਕਾਂ ਦੀ ਪਹੁੰਚ ਬਣੀ ਰਹੇ।
ਦੁਕਾਨਦਾਰਾਂ ਦਾ ਕਾਰੋਬਾਰ ਪਿਆ ਮੰਦਾ
ਮੋਗਾ ਰੋਡ ਦੇ ਦੁਕਾਨਦਾਰਾਂ ਲਈ ਦੁਸਹਿਰੇ ਦਾ ਤਿਉਹਾਰ ਚੰਗੇ ਕਾਰੋਬਾਰ ਦੀ ਉਮੀਦ ਲੈ ਕੇ ਆਇਆ ਸੀ, ਪਰ ਸੜਕ ਬੰਦ ਹੋਣ ਕਾਰਨ ਬਾਜ਼ਾਰ ਵਿੱਚ ਗਾਹਕਾਂ ਦੀ ਆਮਦ ਘੱਟ ਰਹੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਦੀ ਖਸਤਾ ਹਾਲਤ ਕਾਰਨ ਉਹ ਪਹਿਲਾਂ ਹੀ ਕਾਰੋਬਾਰੀ ਮੰਦੀ ਦਾ ਸਾਹਮਣਾ ਕਰ ਰਹੇ ਸਨ ਅਤੇ ਹੁਣ ਨਿਰਮਾਣ ਕਾਰਜ ਦੌਰਾਨ ਆਵਾਜਾਈ ਬੰਦ ਹੋਣ ਨਾਲ ਮੁਸ਼ਕਲਾਂ ਹੋਰ ਵਧ ਗਈਆਂ ਹਨ। ਵਪਾਰੀਆਂ ਨੂੰ ਹੁਣ ਦੀਵਾਲੀ ਦੇ ਤਿਉਹਾਰ ਤੋਂ ਉਮੀਦ ਹੈ, ਪਰ ਜੇਕਰ ਸਮੇਂ ਸਿਰ ਸੜਕ ਦੀ ਉਸਾਰੀ ਅਤੇ ਆਵਾਜਾਈ ਦੇ ਪ੍ਰਬੰਧ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਤਿਉਹਾਰੀ ਸੀਜ਼ਨ ਦੌਰਾਨ ਵੀ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਮੁਤਾਬਕ ਤਿਉਹਾਰਾਂ ਦੇ ਦਿਨਾਂ ਵਿੱਚ ਬਾਜ਼ਾਰਾਂ ਤੱਕ ਆਸਾਨ ਪਹੁੰਚ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇਸ ਸਮੇਂ ਹੋਣ ਵਾਲੀ ਵਿਕਰੀ ਸਾਲਾਨਾ ਕਾਰੋਬਾਰ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
ਚੈਂਬਰ ਆਫ਼ ਕਾਮਰਸ ਨੇ ਅਧਿਕਾਰੀਆਂ ਤੋਂ ਦਖ਼ਲ ਦੀ ਕੀਤੀ ਮੰਗ
ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਓਂਕਾਰ ਗੋਇਲ, ਸਾਧੂ ਰਾਮ ਦੇਵੜਾ, ਰਮਨ ਮਨਚੰਦਾ, ਰੋਹਿਤ ਮਿੱਤਲ, ਹਰੀਸ਼ ਸੇਤੀਆ, ਡਾ. ਰਣਜੀਤ ਸਿੰਘ, ਸ਼ਰਨਬੀਰ ਸਿੰਘ ਬੇਦੀ ਅਤੇ ਅਸ਼ਵਨੀ ਖੋਸਲਾ ਨੇ ਨਗਰ ਕੌਂਸਲ ਕੋਟਕਪੂਰਾ ਦੇ ਉੱਚ ਅਧਿਕਾਰੀਆਂ ਅਤੇ ਸੜਕ ਦਾ ਨਿਰਮਾਣ ਕਰਵਾ ਰਹੇ ਵਿਭਾਗ ਨੂੰ ਇਸ ਮਾਮਲੇ ਵਿੱਚ ਤੁਰੰਤ ਢੁੱਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇ, ਬਦਲਵੇਂ ਰਸਤਿਆਂ ਸਬੰਧੀ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ ਅਤੇ ਸੰਭਵ ਹੋਣ ’ਤੇ ਦਿਨ ਸਮੇਂ ਛੋਟੇ ਵਾਹਨਾਂ ਦੀ ਆਵਾਜਾਈ ਲਈ ਰਸਤਾ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਸ਼ਹਿਰ ਦੇ ਵਿਕਾਸ ਲਈ ਜ਼ਰੂਰੀ ਹੈ, ਪਰ ਇਸ ਦੇ ਨਾਲ ਲੋਕਾਂ ਦੀ ਸਹੂਲਤ ਅਤੇ ਵਪਾਰੀਆਂ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੀਵਾਲੀ ਤੋਂ ਪਹਿਲਾਂ ਸਬੰਧਤ ਵਿਭਾਗ ਵੱਲੋਂ ਆਵਾਜਾਈ ਸੁਚਾਰੂ ਬਣਾਉਣ ਅਤੇ ਨਿਰਮਾਣ ਕਾਰਜ ਮੁਕੰਮਲ ਕਰਨ ਲਈ ਕੀ ਕਦਮ ਚੁੱਕੇ ਜਾਂਦੇ ਹਨ।