- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿੱਚ ਦੁਸਹਿਰੇ ਮੌਕੇ ਬੱਚਿਆਂ ਨੇ ਰਾਮਾਇਣ ਦੀਆਂ ਝਾਕੀਆਂ ਪੇਸ਼ ਕੀਤੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕੋਟਕਪੂਰਾ : ਬਾਹਮਣ ਵਾਲਾ ਰੋਡ ਸਥਿਤ ਡੀਸੀਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿੱਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਜਨਾਂ, ਕਵਿਤਾਵਾਂ, ਗੀਤਾਂ ਅਤੇ ਰਾਮਾਇਣ ਦੀਆਂ ਪੇਸ਼ਕਾਰੀਆਂ ਰਾਹੀਂ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਅਗਰਵਾਲ ਨੇ ਸ਼ਿਰਕਤ ਕੀਤੀ, ਜਦਕਿ ਸਕੂਲ ਦੇ ਚੇਅਰਮੈਨ ਪਵਨ ਮਿੱਤਲ ਅਤੇ ਸਰਪ੍ਰਸਤ ਅਸ਼ੋਕ ਚਾਵਲਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਸਕੂਲ ਪਹੁੰਚਣ ’ਤੇ ਮਹਿਮਾਨਾਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਜਨ ‘ਰਾਮ ਜੀ ਕੀ ਨਿਕਲੀ ਸਵਾਰੀ, ਰਾਮ ਜੀ ਕੀ ਲੀਲਾ ਹੈ ਨਿਆਰੀ’ ਗਾ ਕੇ ਕੀਤੀ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤਾਂ ਅਤੇ ਰਾਮਾਇਣ ਨਾਲ ਸਬੰਧਤ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਨਰਸਰੀ ਜਮਾਤ ਦੇ ਬੱਚਿਆਂ ਨੇ ਭਗਵਾਨ ਰਾਮ, ਲਛਮਣ, ਮਾਤਾ ਸੀਤਾ, ਹਨੂੰਮਾਨ ਅਤੇ ਰਾਵਣ ਸਮੇਤ ਵੱਖ-ਵੱਖ ਪਾਤਰਾਂ ਦਾ ਰੂਪ ਧਾਰ ਕੇ ਸੁੰਦਰ ਝਾਕੀਆਂ ਪੇਸ਼ ਕੀਤੀਆਂ। ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਸਮਝਾਉਂਦਿਆਂ ਕਿਹਾ ਕਿ ਇਸ ਦਿਨ ਨੂੰ ਸਿਰਫ਼ ਰਾਵਣ ਦੇ ਪੁਤਲੇ ਦੇ ਦਹਿਨ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਦੇ ਅਸਲ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਬੁਰਾਈਆਂ ਦੇ ਖਾਤਮੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਬੱਚਿਆਂ ਨੂੰ ਭਗਵਾਨ ਰਾਮ ਦੇ ਆਦਰਸ਼ਾਂ ’ਤੇ ਚੱਲਣ ਅਤੇ ਔਕੜਾਂ ਦੇ ਬਾਵਜੂਦ ਸੱਚ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸੱਚ ਨੂੰ ਕੁਝ ਸਮੇਂ ਲਈ ਦਬਾਇਆ ਤਾਂ ਜਾ ਸਕਦਾ ਹੈ, ਪਰ ਅੰਤ ਵਿੱਚ ਜਿੱਤ ਸੱਚ ਦੀ ਹੀ ਹੁੰਦੀ ਹੈ। ਸਕੂਲ ਦੇ ਸਰਪ੍ਰਸਤ ਅਸ਼ੋਕ ਚਾਵਲਾ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਮਨੁੱਖ ਨੂੰ ਆਪਣੇ ਅੰਦਰ ਮੌਜੂਦ ਲਾਲਚ, ਮੋਹ, ਹੰਕਾਰ, ਆਲਸ ਅਤੇ ਹਿੰਸਾ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੀ ਤਿਆਰੀ ਵਿੱਚ ਸੀਨੀਅਰ ਅਧਿਆਪਕ ਯਾਦਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੇ ਅੰਤ ਵਿੱਚ ਰਾਵਣ ਦੇ ਪੁਤਲੇ ਦਾ ਦਹਿਨ ਕਰਕੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਪੁਤਲਾ ਤਿਆਰ ਕਰਨ ਵਿੱਚ ਕਿਸ਼ੋਰ ਕੁਮਾਰ, ਜਸਵੀਰ ਸਿੰਘ, ਭੂਰਾ ਸਿੰਘ, ਗਗਨ ਕੁਮਾਰ ਅਤੇ ਵਿਦਿਆਰਥੀਆਂ ਨੇ ਯੋਗਦਾਨ ਪਾਇਆ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।