- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰੀਮਲੈਂਡ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮਾਰੀਆਂ ਮੱਲਾਂ

ਜਗਮੀਤ ਸਿੰਘ, ਪੰਜਾਬੀ ਜਾਗਰਣ, ਕੋਟਕਪੂਰਾ : ਕੋਟਕਪੂਰਾ ਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿੱਚ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਕੋਚ ਹਰਵਿੰਦਰ ਸਿੰਘ ਅਤੇ ਕੰਵਲਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਜੂਡੋ, ਕੁਰਾਸ਼, ਸ਼ਤਰੰਜ ਅਤੇ ਤਾਈਕਵਾਂਡੋ ਦੇ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜੂਡੋ ਦੇ ਮੁਕਾਬਲਿਆਂ ਵਿੱਚ ਸੁਖਮਨ, ਭਾਵਿਕਾ, ਹਰਗੁਣ ਕੌਰ ਅਤੇ ਰਾਜਦੀਪ ਕੌਰ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦੇ ਤਗਮੇ ਜਿੱਤੇ। ਮਨਸੁੱਖ ਕੌਰ, ਰੌਸ਼ਨਪ੍ਰੀਤ ਕੌਰ ਅਤੇ ਅਰਪਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਗਮੇ ਆਪਣੇ ਨਾਂ ਕੀਤੇ, ਜਦਕਿ ਜਸ਼ਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ਕੁਰਾਸ਼ ਦੇ ਮੁਕਾਬਲਿਆਂ ਵਿੱਚ ਤਮੰਨਾ, ਕਮਲਪ੍ਰੀਤ, ਵਰਲੀਨ ਕੌਰ ਅਤੇ ਰਵਨੀਸ਼ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਗਮੇ ਜਿੱਤੇ। ਚੰਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਅਰੂਸ਼ੀ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਸ਼ਤਰੰਜ ਦੇ ਮੁਕਾਬਲੇ ਵਿੱਚ ਸਿਮਰਨ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਤਾਈਕਵਾਂਡੋ ਵਿੱਚ ਰਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਖਿਡਾਰਣਾਂ ਦੀ ਲਗਨ, ਮਿਹਨਤ ਅਤੇ ਕੋਚਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਨਵਪ੍ਰੀਤ ਸ਼ਰਮਾ ਨੇ ਵੀ ਖਿਡਾਰਣਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕੋਚ ਹਰਵਿੰਦਰ ਸਿੰਘ, ਕੋਚ ਕੰਵਲਪ੍ਰੀਤ ਕੌਰ, ਅਨੀਤਾ ਸਿਆਲ, ਅਧਿਆਪਕ ਪ੍ਰਦੀਪ ਕੁਮਾਰ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।