- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਸਵਤੀ ਸਕੂਲ ਜੈਤੋ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ: ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਭਾਰਤੀ ਵਿਰਾਸਤ ਅਤੇ ਤਿਉਹਾਰਾਂ ਦੀ ਮਹੱਤਤਾ ਨੂੰ ਦਰਸਾਇਆ। ਸਮਾਗਮ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਬੌਧਿਕ ਯੋਗਤਾ ਨੂੰ ਉਜਾਗਰ ਕੀਤਾ। ਸਮਾਗਮ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਮਦਨ ਲਾਲ ਗੋਇਲ, ਸਹਾਇਕ ਸਕੱਤਰ ਪੰਕਜ ਸਿੰਗਲਾ, ਸਿੱਖਿਆ ਕਮੇਟੀ ਦੇ ਚੇਅਰਮੈਨ ਸੁਖਵਿੰਦਰਪਾਲ ਗਰਗ, ਸਾਲਸੀ ਬੋਰਡ ਦੇ ਚੇਅਰਮੈਨ ਐਡਵੋਕੇਟ ਪ੍ਰਸ਼ੋਤਮ ਸਿੰਗਲਾ ਅਤੇ ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੀਆਂ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਹੋਈ। ਗੀਤਾਂ ਅਤੇ ਕੋਰੀਓਗ੍ਰਾਫੀ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਾਜ਼ਰੀਨ ਦੀ ਵਾਹ-ਵਾਹ ਖੱਟੀ। ਇਸ ਮੌਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਰਾਵਣ ਬਣਾਉਣ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਕੁਇਜ਼ ਮੁਕਾਬਲੇ ਵਿੱਚ ਆਰਟਸ ਗਰੁੱਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਰਾਵਣ ਬਣਾਉਣ ਦੇ ਮੁਕਾਬਲੇ ਵਿੱਚ ਨਾਨ-ਮੈਡੀਕਲ ਗਰੁੱਪ ਜੇਤੂ ਰਿਹਾ। ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਅਤੇ ਅਧਰਮ ’ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਆਪਣੀਆਂ ਬੁਰੀਆਂ ਆਦਤਾਂ ਅਤੇ ਨਕਾਰਾਤਮਕ ਸੋਚ ਦਾ ਤਿਆਗ ਕਰਕੇ ਸੱਚਾਈ, ਇਮਾਨਦਾਰੀ ਅਤੇ ਨੇਕੀ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਵਿੱਦਿਆ ਦੇ ਨਾਲ ਚੰਗੇ ਸੰਸਕਾਰ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਅਪਣਾਉਣਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਮਿਹਨਤ ਨਾਲ ਆਪਣੇ ਟੀਚੇ ਹਾਸਲ ਕਰਨ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਰਾਵਣ ਪੂਜਨ ਦੀ ਰਸਮ ਨਿਭਾਈ ਗਈ ਅਤੇ ਅੰਤ ਵਿੱਚ ਰਾਵਣ ਦਹਨ ਕਰਕੇ ਬੁਰਾਈ ਦੇ ਖ਼ਾਤਮੇ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਵਿੱਚ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।