- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫ਼ਰੀਦਕੋਟ : ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਦੇ ਕੰਪਿਊਟਰ ਵਿਭਾਗ ਵੱਲੋਂ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਤਹਿਤ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ, ਆਨਲਾਈਨ ਧੋਖਾਧੜੀ ਅਤੇ ਇਨ੍ਹਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ ਅਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੀ ਸ਼ੁਰੂਆਤ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਗੌਰਵ ਧਵਨ ਨੇ ਸਵਾਗਤੀ ਭਾਸ਼ਣ ਨਾਲ ਕੀਤੀ। ਇਸ ਮੌਕੇ ਬੀਸੀਏ ਤੀਜੇ ਸਾਲ ਦੀ ਵਿਦਿਆਰਥਣ ਮੁਸਕਾਨ ਨੇ ਫਿਸ਼ਿੰਗ, ਐੱਸਕਿਊਐੱਲ ਇੰਜੈਕਸ਼ਨ, ਪਾਸਵਰਡ ਸੁਰੱਖਿਆ, ਐਕਸਐੱਸਐੱਸ ਅਤੇ ਸੋਸ਼ਲ ਇੰਜੀਨੀਅਰਿੰਗ ਵਰਗੇ ਸਾਈਬਰ ਸੁਰੱਖਿਆ ਨਾਲ ਜੁੜੇ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਬੀਸੀਏ ਦੂਜੇ ਸਾਲ ਦੇ ਵਿਦਿਆਰਥੀ ਤਰੁਣ ਸਿਡਾਨਾ ਨੇ ਟਰੋਜਨ ਹੌਰਸ, ਵਾਇਰਸ, ਮਾਲਵੇਅਰ, ਲੀਨਕਸ ਅਤੇ ਵਿਸ਼ਿੰਗ ਵਰਗੇ ਵਿਸ਼ਿਆਂ ਨੂੰ ਸਰਲ ਢੰਗ ਨਾਲ ਸਮਝਾਇਆ। ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਦੱਸਿਆ ਕਿ ਸਾਈਬਰ ਅਪਰਾਧੀ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਕੇ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਅਤੇ ਉਨ੍ਹਾਂ ਨਾਲ ਆਨਲਾਈਨ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮਜ਼ਬੂਤ ਪਾਸਵਰਡ ਰੱਖਣਾ, ਸ਼ੱਕੀ ਲਿੰਕਾਂ ਤੋਂ ਬਚਣਾ ਅਤੇ ਇੰਟਰਨੈੱਟ ਦੀ ਵਰਤੋਂ ਸਮੇਂ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਈਬਰ ਧੋਖਾਧੜੀ ਅਤੇ ਆਨਲਾਈਨ ਅਪਰਾਧ ਮੌਜੂਦਾ ਸਮੇਂ ਦੀਆਂ ਗੰਭੀਰ ਚੁਣੌਤੀਆਂ ਹਨ। ਹਰੇਕ ਵਿਅਕਤੀ ਨੂੰ ਇਨ੍ਹਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਆਪਣੀ ਨਿੱਜੀ ਜਾਣਕਾਰੀ, ਬੈਂਕਿੰਗ ਵੇਰਵਿਆਂ ਅਤੇ ਪਾਸਵਰਡਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕੰਪਿਊਟਰ ਵਿਭਾਗ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਵਿੱਚ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਡਾਟਾ ਐਨਾਲਿਟਿਕਸ ਵਿਭਾਗ ਤੋਂ ਪ੍ਰੋ. ਗੁਰਮੀਤ ਸਿੰਘ, ਕਾਮਰਸ ਵਿਭਾਗ ਤੋਂ ਪ੍ਰੋ. ਡਾ. ਗਗਨਦੀਪ ਕੌਰ ਅਤੇ ਪ੍ਰੋ. ਪਵਨਪ੍ਰੀਤ ਵਾਲੀਆ, ਪੰਜਾਬੀ ਵਿਭਾਗ ਤੋਂ ਪ੍ਰੋ. ਹਰਪ੍ਰੀਤ ਸਿੰਘ, ਗਣਿਤ ਵਿਭਾਗ ਤੋਂ ਪ੍ਰੋ. ਵਕੀਲ ਸਿੰਘ ਅਤੇ ਲੈਬ ਅਟੈਂਡੈਂਟ ਸੰਜੇ ਕੁਮਾਰ ਹਾਜ਼ਰ ਸਨ। ਅੰਤ ਵਿੱਚ ਪ੍ਰੋ. ਗੌਰਵ ਧਵਨ ਨੇ ਸੈਮੀਨਾਰ ਨੂੰ ਸਫਲ ਬਣਾਉਣ ਲਈ ਕਾਲਜ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਬੁਨਿਆਦੀ ਪਹਿਲੂਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਡਿਜੀਟਲ ਮਾਧਿਅਮਾਂ ਦੀ ਸੁਰੱਖਿਅਤ ਵਰਤੋਂ ਲਈ ਪ੍ਰੇਰਿਤ ਕਰਨਾ ਸੀ।