- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪੱਕਾ ਵਿੱਚ 1.40 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਪੰਜ ਵੀਰਾਂ ਵਾਲੀ ਸੜਕ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪਿੰਡ ਪੱਕਾ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜ ਵੀਰਾਂ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਕਰੀਬ 1 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦਾ ਨਿਰਮਾਣ ਡੇਢ ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਇਸ ਸੜਕ ਦੇ ਨਿਰਮਾਣ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਲੋਕਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕਾਂ ਕਿਸੇ ਵੀ ਖੇਤਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਬਿਹਤਰ ਸੜਕੀ ਸਹੂਲਤਾਂ ਨਾਲ ਜਿੱਥੇ ਲੋਕਾਂ ਦਾ ਸਫ਼ਰ ਸੁਖਾਲਾ ਹੁੰਦਾ ਹੈ, ਉੱਥੇ ਹੀ ਪਿੰਡਾਂ ਦਾ ਆਸ-ਪਾਸ ਦੇ ਇਲਾਕਿਆਂ ਨਾਲ ਸੰਪਰਕ ਵੀ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਕਾਰਜ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਵਾਉਣ ਦੇ ਯਤਨ ਕੀਤੇ ਜਾਣਗੇ, ਤਾਂ ਜੋ ਪਿੰਡ ਵਾਸੀਆਂ ਨੂੰ ਜਲਦੀ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸੜਕੀ ਸਹੂਲਤਾਂ ਵਿੱਚ ਸੁਧਾਰ ਨਾਲ ਲੋਕਾਂ ਨੂੰ ਰੋਜ਼ਾਨਾ ਦੇ ਆਉਣ-ਜਾਣ ਵਿੱਚ ਰਾਹਤ ਮਿਲੇਗੀ ਅਤੇ ਇਲਾਕੇ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਸਪੀਕਰ ਸੰਧਵਾਂ ਨੇ ਕਿਹਾ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਤਰਜੀਹ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਯੂਥ ਵਿੰਗ ਪੰਜਾਬ ਦੇ ਸਟੇਟ ਜੁਆਇੰਟ ਸਕੱਤਰ ਸੁਖਵੰਤ ਸਿੰਘ ਪੱਕਾ, ਸਰਪੰਚ ਮਲਕੀਤ ਸਿੰਘ, ਸਰਪੰਚ ਗੁਰਸੇਵਕ ਸਿੰਘ, ਸਰਪੰਚ ਸਰਬਜੀਤ ਕੌਰ, ਜੋਗਿੰਦਰ ਸਿੰਘ, ਬੱਬੂ ਸੇਖੋਂ, ਜਸਵੀਰ ਸਿੰਘ ਬਰਾੜ, ਗੁਰਇੰਦਰ ਸਿੰਘ ਚਾਨਾ, ਗੁਰਮੀਤ ਸਿੰਘ, ਗੌਰਵ ਅਰੋੜਾ, ਗੁਰਦੀਪ ਸਿੰਘ, ਸਰਪੰਚ ਸਰਬਜੀਤ ਸਿੰਘ, ਲਵਪ੍ਰੀਤ ਸ਼ਰਮਾ, ਗੋਗੋ ਸਰਾਂ, ਜਸਵਿੰਦਰ ਸਿੰਘ ਢੁੱਡੀ, ਲਾਡੀ ਢੁੱਡੀ, ਸੁਬੇਗ ਸਿੰਘ, ਪਾਲ ਸਿੰਘ, ਜਸਵੰਤ ਸਿੰਘ, ਜੇਪੀ ਸਰਾਂ, ਨਿਰਮਲ ਸਿੰਘ, ਪ੍ਰੀਤਮ ਸਿੰਘ, ਛਿੰਦਰ ਸਿੰਘ, ਲਖਵੀਰ ਸਿੰਘ, ਡਾ. ਸੁਖਮੰਦਰ ਸਿੰਘ, ਸਤਪਾਲ ਸਿੰਘ ਸੱਤੀ ਅਤੇ ਸਤਨਾਮ ਸਿੰਘ ਮਿਸ਼ਰੀਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।