- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵ. ਮੁਨਸ਼ੀ ਸਿੰਘ ਬਰਾੜ ਦੀ ਯਾਦ ’ਚ ਪਰਿਵਾਰ ਵੱਲੋਂ ਪਿੰਡ ਦੇ ਜਿੰਮ ਲਈ 3 ਲੱਖ ਰੁਪਏ ਦੀ ਸਹਾਇਤਾ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪਿੰਡ ਜੀਵਨਵਾਲਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਨੌਜਵਾਨਾਂ ਦੀ ਸਿਹਤ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਜਾ ਰਹੇ ਜਿੰਮ ਵਾਸਤੇ ਸਵਰਗੀ ਮੁਨਸ਼ੀ ਸਿੰਘ ਬਰਾੜ ਦੇ ਪਰਿਵਾਰ ਵੱਲੋਂ 3 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਹ ਰਾਸ਼ੀ ਪਰਿਵਾਰ ਵੱਲੋਂ ਇਲਾਕੇ ਦੇ ਸਮਾਜ ਸੇਵੀ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਐੱਸ.ਐੱਸ. ਬਰਾੜ ਰਾਹੀਂ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਸੌਂਪੀ ਗਈ। ਇਸ ਉਪਰਾਲੇ ਲਈ ਪਿੰਡ ਦੇ ਅਗਾਂਹਵਧੂ ਵਿਅਕਤੀ ਚਰਨਜੀਤ ਸਿੰਘ ਗੋਂਦਾਰਾ ਨੇ ਪ੍ਰੇਰਨਾ ਦਿੱਤੀ। ਇਸ ਮੌਕੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਰੋਮਾਣਾ, ਪੰਚਾਇਤ ਮੈਂਬਰਾਂ ਅਤੇ ਪਤਵੰਤਿਆਂ ਨੇ ਡਾ. ਐੱਸ.ਐੱਸ. ਬਰਾੜ, ਉਨ੍ਹਾਂ ਦੀ ਪਤਨੀ ਬਲਜੀਤ ਕੌਰ ਬਰਾੜ ਅਤੇ ਉਨ੍ਹਾਂ ਦੇ ਭਰਾ ਦਰਸ਼ਨ ਸਿੰਘ ਬਰਾੜ ਦਾ ਸਵਾਗਤ ਕੀਤਾ। ਪਿੰਡ ਵਾਸੀਆਂ ਨੇ ਜਿੰਮ ਦੀ ਉਸਾਰੀ ਲਈ ਵਿੱਤੀ ਸਹਾਇਤਾ ਦੇਣ ਵਾਸਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਵਰਗੀ ਮੁਨਸ਼ੀ ਸਿੰਘ ਬਰਾੜ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਡਾ. ਐੱਸ.ਐੱਸ. ਬਰਾੜ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਐੱਸ.ਐੱਸ. ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਉਪਰਾਲਾ ਆਪਣੇ ਦਾਦਾ ਸਵਰਗੀ ਮੁਨਸ਼ੀ ਸਿੰਘ ਬਰਾੜ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਸਰੀਰਕ ਕਸਰਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਤੇ ਕਸਰਤ ਰਾਹੀਂ ਆਪਣੀ ਊਰਜਾ ਨੂੰ ਉਸਾਰੂ ਪਾਸੇ ਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਗੁਰਨਾਮ ਸਿੰਘ ਬਰਾੜ, ਹਾਕਮ ਸਿੰਘ ਮਨਹਾਸ, ਹਰਨੇਕ ਸਿੰਘ ਰੋਮਾਣਾ, ਹਰਜੀਤ ਸਿੰਘ, ਸੇਵਾਮੁਕਤ ਬੈਂਕ ਮੈਨੇਜਰ ਅਮਰਜੀਤ ਸਿੰਘ ਗੋਂਦਾਰਾ, ਚਰਨਜੀਤ ਸਿੰਘ ਗੋਂਦਾਰਾ, ਵਾਟਰ ਵਰਕਸ ਕਮੇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ, ਧਰਮ ਸਿੰਘ ਰੋਮਾਣਾ, ਚਮਕੌਰ ਸਿੰਘ, ਗੁਰਚਰਨ ਸਿੰਘ, ਲੱਖਾ ਸਿੰਘ, ਨਿੰਮਾ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।