- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਕਪੂਰਾ ਵਿੱਚ ਉਡਾਣ ਏਆਈ ਇੰਸਟੀਚਿਊਟ ਦਾ ਉਦਘਾਟਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਬੱਤੀਆਂ ਵਾਲਾ ਚੌਕ ਵਿਖੇ ਉਡਾਣ ਏਆਈ ਇੰਸਟੀਚਿਊਟ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇੰਸਟੀਚਿਊਟ ਦੇ ਪ੍ਰਬੰਧਕਾਂ ਅਨੁਸਾਰ, ਇੱਥੇ ਨਕਲੀ ਬੁੱਧੀ (ਏਆਈ) ਨਾਲ ਸਬੰਧਤ ਆਧੁਨਿਕ ਅਤੇ ਰੁਜ਼ਗਾਰਮੁਖੀ ਕੋਰਸ ਕਰਵਾਏ ਜਾਣਗੇ, ਜਿਸ ਨਾਲ ਕੋਟਕਪੂਰਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕੀ ਸਿੱਖਿਆਵਾਂ ਹਾਸਲ ਕਰਨ ਦਾ ਮੌਕਾ ਮਿਲੇਗਾ। ਇੰਸਟੀਚਿਊਟ ਦੇ ਡਾਇਰੈਕਟਰ ਮਨਦੀਪ ਸਿੰਘ ਸਰਾਂ ਨੇ ਦੱਸਿਆ ਕਿ ਇੱਥੇ ਏਆਈ ਨਾਲ ਸਬੰਧਤ ਉੱਨਤ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਲਾਭ ਵੱਖ-ਵੱਖ ਉਮਰ ਵਰਗਾਂ ਦੇ ਲੋਕ ਲੈ ਸਕਦੇ ਹਨ। ਦਸਵੀਂ ਤੋਂ ਲੈ ਕੇ ਐੱਮਏ ਤੱਕ ਦੀ ਵਿੱਦਿਅਕ ਯੋਗਤਾ ਰੱਖਣ ਵਾਲੇ ਵਿਅਕਤੀ ਆਪਣੀ ਰੁਚੀ ਅਨੁਸਾਰ ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵੱਲੋਂ 1 ਨਵੰਬਰ 2026 ਨੂੰ ਸਕਾਲਰਸ਼ਿਪ ਟੈਸਟ ਕਰਵਾਇਆ ਜਾਵੇਗਾ। ਇਸ ਟੈਸਟ ਵਿੱਚ ਭਾਗ ਲੈਣ ਵਾਲੇ ਯੋਗ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਸਕਾਲਰਸ਼ਿਪ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ। ਇੰਸਟੀਚਿਊਟ ਦੇ ਮੁਖੀ ਓ.ਪੀ. ਗੋਇਲ ਨੇ ਕਿਹਾ ਕਿ ਇਹ ਕੋਟਕਪੂਰਾ ਅਤੇ ਇਸ ਦੇ ਲਗਭਗ 60 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਕੋਰਸਾਂ ਲਈ ਪਹਿਲਾਂ ਵਿਦਿਆਰਥੀਆਂ ਨੂੰ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵੱਲ ਰੁਖ਼ ਕਰਨਾ ਪੈਂਦਾ ਸੀ, ਜਦਕਿ ਹੁਣ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਹੀ ਇਹ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਅਨੁਸਾਰ, ਇੰਸਟੀਚਿਊਟ ਦੀ ਫ਼ੀਸ ਚੰਡੀਗੜ੍ਹ ਵਿੱਚ ਉਪਲਬਧ ਅਜਿਹੇ ਕੋਰਸਾਂ ਦੀ ਤੁਲਨਾ ਵਿੱਚ ਲਗਭਗ ਚੌਥਾ ਹਿੱਸਾ ਹੈ। ਓ.ਪੀ. ਗੋਇਲ ਨੇ ਦੱਸਿਆ ਕਿ ਕੰਪਨੀ ਵੱਲੋਂ 40 ਤੋਂ ਵੱਧ ਬਹੁਕੌਮੀ ਕੰਪਨੀਆਂ ਨਾਲ ਸਮਝੌਤੇ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ, ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਕੰਪਨੀਆਂ ਵਿੱਚ ਇੰਟਰਵਿਊ ਦੇਣ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਇੰਟਰਵਿਊ ਵਿੱਚ ਸਫਲ ਰਹਿਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਕੰਪਨੀ ਦੀਆਂ ਲੋੜਾਂ ਅਨੁਸਾਰ ਨੌਕਰੀ ਮਿਲ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਏਆਈ ਨਾਲ ਸਬੰਧਤ ਹੁਨਰ ਸਿੱਖਣ ਤੋਂ ਬਾਅਦ ਵਿਦਿਆਰਥੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਬ੍ਰਿਟੇਨ ਦੀਆਂ ਕੰਪਨੀਆਂ ਲਈ ਭਾਰਤ ਵਿੱਚ ਰਹਿੰਦਿਆਂ ਫ੍ਰੀਲਾਂਸਿੰਗ ਅਤੇ ਘਰੋਂ ਕੰਮ ਕਰਨ ਦੇ ਮੌਕਿਆਂ ਦਾ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਇੰਸਟੀਚਿਊਟ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਫ਼ੀਸ ਵਿੱਚ ਛੋਟ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ