ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਆਖ਼ਰੀ ਪੜਾਅ ’ਚ ਜਾਗ੍ਰਿਤੀ’ ਦੀ ਜੋਤੀ ਵਿੱਚ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਆਖ਼ਰੀ ਪੜਾਅ ਵਿੱਚ
Publish Date: Mon, 19 Oct 2026 03:39 PM (IST)
Updated Date: Mon, 19 Oct 2026 03:39 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜਿੱਥੇ ਬ੍ਰਹਮ ਗਿਆਨ ਨਾਲ ਚੇਤਨਾ ਜਾਗ੍ਰਿਤ ਹੋਵੇ, ਪਿਆਰ ਨਾਲ ਹਿਰਦਾ ਰੌਸ਼ਨ ਹੋਵੇ ਅਤੇ ਸੇਵਾ ਜੀਵਨ ਦਾ ਸੰਕਲਪ ਬਣ ਜਾਵੇ, ਉੱਥੇ ਸੰਤ ਸਮਾਗਮ ਆਤਮਿਕ ਜਾਗ੍ਰਿਤੀ ਦਾ ਅਜਿਹਾ ਪਵਿੱਤਰ ਉਤਸਵ ਬਣ ਜਾਂਦਾ ਹੈ, ਜੋ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਪ੍ਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਇਸੇ ਬ੍ਰਹਮ ਭਾਵ ਅਤੇ ਆਤਮਿਕ ਚੇਤਨਾ ਨੂੰ ਸਾਕਾਰ ਕਰਦਿਆਂ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਵਿੱਤਰ ਛਤਰ-ਛਾਇਆ ਹੇਠ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 23 ਤੋਂ 26 ਅਕਤੂਬਰ, 2026 ਤੱਕ ਸੰਤ ਨਿਰੰਕਾਰੀ ਅਧਿਆਤਮਕ ਸਥਲ, ਸਮਾਲਖਾ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਇਸ ਪਵਿੱਤਰ ਮੌਕੇ ਤੇ ਇਕੱਠੇ ਹੋ ਕੇ ਸਤਿਸੰਗ, ਸੇਵਾ, ਪਿਆਰ ਅਤੇ ਭਗਤੀ ਦੇ ਇਸ ਦੈਵੀ ਮਿਲਣ ਵਿੱਚ ਭਾਗੀਦਾਰ ਬਣਨਗੇ। ਜੈਤੋ ਬਰਾਂਚ ਦੇ ਮੁਖੀ ਅਸ਼ੋਕ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈਤੋ ਮੰਡੀ ਦੀ ਸਮੂਹ ਸਾਧ ਸੰਗਤ ਅਤੇ ਆਸ ਪਾਸ ਪਿੰਡਾਂ ਤੋਂ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਇਸ ਸਲਾਨਾ ਨਿਰੰਕਾਰੀ ਸਮਾਗਮ ਵਿੱਚ ਪਹੁੰਚ ਰਹੀਆਂ ਹਨ। ਸ਼ਰਧਾਲੂਆਂ ਦੀ ਵਧਦੀ ਸ਼ਮੂਲੀਅਤ ਨਾਲ ਸਮਾਗਮ ਸਥਲ ਦੀਆਂ ਤਿਆਰੀਆਂ ਹੁਣ ਆਖ਼ਰੀ ਪੜਾਅ ਵਿੱਚ ਪਹੁੰਚ ਚੁੱਕੀਆਂ ਹਨ। ਸੰਤਾਂ ਦੀ ਨਿਰਸਾਵਰਥ ਸੇਵਾ, ਮਿਹਨਤ ਅਤੇ ਸਮਰਪਣ ਨਾਲ ਆਮ ਜਿਹਾ ਜਾਪਦਾ ਮੈਦਾਨ ਅੱਜ ਇੱਕ ਦੈਵੀ ਅਧਿਆਤਮਕ ਨਗਰੀ ਦਾ ਸਰੂਪ ਧਾਰਨ ਕਰ ਚੁੱਕਾ ਹੈ। ਵਿਸ਼ਾਲ ਪੰਡਾਲਾਂ ਵਿੱਚ ਸ਼ਰਧਾਲੂਆਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ, ਆਧੁਨਿਕ ਐੱਲ.ਈ.ਡੀ. ਸਕ੍ਰੀਨਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਮਾਗਮ ਗਰਾਊਂਡ ਦੇ ਹਰ ਕੋਨੇ ਵਿੱਚ ਬੈਠੇ ਸ਼ਰਧਾਲੂ ਪ੍ਰੇਰਣਾਦਾਇਕ ਪ੍ਰਵਚਨਾਂ, ਭਾਵਪੂਰਨ ਭਜਨਾਂ ਅਤੇ ਅਧਿਆਤਮਕ ਵਿਚਾਰਾਂ ਨੂੰ ਆਸਾਨੀ ਨਾਲ ਦੇਖ ਅਤੇ ਸੁਣ ਸਕਣ ਅਤੇ ਸਤਿਸੰਗ ਦੀ ਭਾਵਧਾਰਾ ਨਾਲ ਇੱਕ-ਮਿੱਕ ਹੋ ਸਕਣ। ਇਹ ਸੰਤ ਸਮਾਗਮ ਸਿਰਫ਼ ਇੱਕ ਸਾਲਾਨਾ ਆਯੋਜਨ ਨਹੀਂ, ਸਗੋਂ ਬ੍ਰਹਮ ਗਿਆਨ, ਭਗਤੀ, ਸਮਰਪਣ ਅਤੇ ਆਤਮਿਕ ਜਾਗ੍ਰਿਤੀ ਦਾ ਪਵਿੱਤਰ ਸੰਗਮ ਹੈ। ਇੱਥੇ ਸ਼ਰਧਾਲੂ ਆਪਣੀ ਅੰਤਰ-ਚੇਤਨਾ ਨੂੰ ਜਾਗ੍ਰਿਤ ਕਰਨ, ਪ੍ਰਮਾਤਮਾ ਨਾਲ ਆਪਣੇ ਸੰਬੰਧ ਨੂੰ ਅਨੁਭਵ ਕਰਨ ਅਤੇ ਵਿਸ਼ਵ-ਭਾਈਚਾਰੇ, ਸਦਭਾਵਨਾ ਅਤੇ ਨਿਰਸਵਾਰਥ ਸੇਵਾ ਭਾਵ ਅਤੇ ਮਾਨਵੀ ਮੁੱਲਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਪ੍ਰਾਪਤ ਕਰਦੇ ਹਨ। ਸੰਤ ਸਮਾਗਮ ਦੀ ਇਹੀ ਭਾਵਨਾ ਮਨੁੱਖ ਨੂੰ ਬਾਹਰੀ ਪ੍ਰਾਪਤੀਆਂ ਤੋਂ ਅੱਗੇ ਵਧ ਕੇ ਆਪਣੇ ਅੰਦਰ ਦੀ ਅਮੀਰੀ ਨੂੰ ਪਛਾਣਨ ਦਾ ਮੌਕਾ ਪ੍ਰਦਾਨ ਕਰਦੀ ਹੈ। ਸਮਾਗਮ ਦੀ ਖੁਸ਼ੀ ਵਿੱਚ ਸ਼ਰਧਾਲੂ ਭਗਤਾਂ ਦੁਆਰਾ ਤਿਆਰ ਕੀਤਾ ਗਿਆ ਮੁੱਖ ਸਵਾਗਤੀ ਗੇਟ ਖਿੱਚ ਦਾ ਵਿਸ਼ੇਸ਼ ਕੇਂਦਰ ਬਣਿਆ ਹੋਇਆ ਹੈ। ਆਪਣੀ ਬੇਮਿਸਾਲ ਕਲਾਤਮਕਤਾ ਅਤੇ ਸ਼ਾਨਦਾਰ ਸਰੂਪ ਨਾਲ ਇਹ ਦੁਆਰ ਸਮਾਗਮ ਦੀ ਅਧਿਆਤਮਕ ਮਰਿਆਦਾ ਨੂੰ ਦਰਸਾਉਂਦਾ ਹੈ। ਇਹ ਸਿਰਫ਼ ਸਵਾਗਤ ਲਈ ਬਣਾਈ ਗਈ ਕੋਈ ਬਣਤਰ ਨਹੀਂ, ਸਗੋਂ ਸੇਵਾ, ਸਮਰਪਣ, ਸਿਰਜਣਾਤਮਕਤਾ ਅਤੇ ਸਮੂਹਿਕ ਸ਼ਰਧਾ ਦਾ ਸੱਚਾ ਪ੍ਰਗਟਾਵਾ ਹੈ। ਸ਼ਰਧਾਲੂਆਂ ਦੀ ਵਧਦੀ ਸ਼ਮੂਲੀਅਤ ਨਾਲ ਇਸ ਦਾ ਸਰੂਪ ਵੀ ਲਗਾਤਾਰ ਫੈਲ ਰਿਹਾ ਹੈ ਅਤੇ ਹੋਰ ਸ਼ਾਨਦਾਰ ਹੁੰਦਾ ਜਾ ਰਿਹਾ ਹੈ। ਇਸ ਦੀ ਦੈਵੀ ਚਮਕ ਮੰਨੋ ਹਰ ਆਉਣ ਵਾਲੇ ਮਹਿਮਾਨ ਦਾ ਪਿਆਰ, ਅਪਣੱਤ ਅਤੇ ਸਮਭਾਵ ਨਾਲ ਨਿੱਘਾ ਸਵਾਗਤ ਕਰਦਿਆਂ ਸੰਤ ਸਮਾਗਮ ਦੇ ਮਾਨਵੀ ਸੰਦੇਸ਼ ਨੂੰ ਪੇਸ਼ ਕਰ ਰਹੀ ਹੈ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਤਿਗੁਰੂ ਮਾਤਾ ਜੀ ਦੀ ਦੈਵੀ ਪ੍ਰੇਰਨਾ ਅਤੇ ਆਸ਼ੀਰਵਾਦ ਨਾਲ ਸਮਾਗਮ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਅੱਗੇ ਵਧ ਰਹੇ ਹਨ। ਸੁਚਾਰੂ ਸੰਚਾਲਨ, ਆਉਣ-ਜਾਣ ਦੀ ਸੌਖ ਅਤੇ ਸ਼ਰਧਾਲੂਆਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੂਰੇ ਪਰਿਸਰ ਨੂੰ ਚਾਰ ਪ੍ਰਮੁੱਖ ਖੇਤਰਾਂ ਵਿੱਚ ਵੰਡਿਆ ਗਿਆ ਹੈ। ਸੰਤਾਂ ਦੀ ਮਿਹਨਤੀ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨੇ ਇਸ ਸਥਾਨ ਨੂੰ ਇੱਕ ਸ਼ਾਨਦਾਰ, ਸੁੰਦਰ ਅਤੇ ਸੁਵਿਧਾਜਨਕ ਅਧਿਆਤਮਕ ਨਗਰੀ ਦਾ ਰੂਪ ਦਿੱਤਾ ਹੈ, ਜਿੱਥੇ ਪਹੁੰਚਦਿਆਂ ਹੀ ਸ਼ਰਧਾਲੂ ਸੇਵਾ, ਸਮਰਪਣ ਅਤੇ ਅਧਿਆਤਮਕ ਮਾਹੌਲ ਦਾ ਦੈਵੀ ਅਨੁਭਵ ਕਰਦੇ ਹਨ। 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਪਿਆਰ, ਭਗਤੀ ਅਤੇ ਆਤਮਿਕ ਜਾਗ੍ਰਿਤੀ ਦੀ ਉਸ ਪਵਿੱਤਰ ਧਾਰਾ ਨਾਲ ਜੁੜਨ ਦਾ ਮੌਕਾ ਹੈ, ਜੋ ਜੀਵਨ ਨੂੰ ਅੰਦਰੋਂ ਪ੍ਰਕਾਸ਼ਮਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਦੈਵੀ ਅਧਿਆਤਮਕ ਮਿਲਣ ਵਿੱਚ ਸਾਰੇ ਸੱਜਣ ਮਹਾਪੁਰਸ਼ਾਂ ਅਤੇ ਸ਼ਰਧਾਲੂ ਭਗਤਾਂ ਦਾ ਨਿੱਘਾ ਸਵਾਗਤ ਹੈ।