ਜੈਤੋ ’ਚ ਰਾਮਲੀਲਾ ਦੀ ਦਸਵੀਂ ਰਾਤ ਹਨੂਮਾਨ ਜੀ ਨੇ ਸਾੜੀ ਸੋਨੇ ਦੀ ਲੰਕਾ ਜੈਤੋ ਦੀ ਰਾਮਲੀਲਾ ਦੀ ਦਸਵੀਂ ਰਾਤ ’ਚ ਹਨੂਮਾਨ ਜੀ ਨੇ ਸਾੜੀ ਸੋਨੇ ਦੀ ਲੰਕਾ
Publish Date: Sun, 18 Oct 2026 03:39 PM (IST)
Updated Date: Sun, 18 Oct 2026 03:42 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵੱਲੋਂ ਕਰਵਾਈ ਜਾ ਰਹੀ ਸਾਲਾਨਾ ਰਾਮਲੀਲਾ ਦੀ ਦਸਵੀਂ ਰਾਤ ਭਗਤੀ, ਸ਼ਰਧਾ ਅਤੇ ਰੋਮਾਂਚਕ ਦ੍ਰਿਸ਼ਾਂ ਨਾਲ ਯਾਦਗਾਰੀ ਹੋ ਨਿਬੜੀ। ਇਸ ਦੌਰਾਨ ਹਨੂਮਾਨ ਜੀ ਵੱਲੋਂ ਅਸ਼ੋਕ ਵਾਟਿਕਾ ਉਜਾੜਨ, ਰਾਵਣ ਦੇ ਪੁੱਤਰ ਅਕਸ਼ੇ ਕੁਮਾਰ ਨਾਲ ਯੁੱਧ ਕਰਨ ਅਤੇ ਸੋਨੇ ਦੀ ਲੰਕਾ ਨੂੰ ਅੱਗ ਲਗਾਉਣ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਮੰਚ ’ਤੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਪ੍ਰਭਾਵਸ਼ਾਲੀ ਅਭਿਨੈ ਅਤੇ ਸੰਵਾਦਾਂ ਨੇ ਪੂਰੇ ਮਾਹੌਲ ਨੂੰ ਰਾਮ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲਰ ਤੁਲਸੀ ਰਾਮ ਬਾਂਸਲ ਨੇ ਆਪਣੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਟੋਜੀ ਵਾਂਦਰ ਅਤੇ ਉਨ੍ਹਾਂ ਦਾ ਪਰਿਵਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਇਆ। ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ, ਮਾਂ ਸਰਸਵਤੀ ਦੀ ਅਰਾਧਨਾ ਅਤੇ ਪੂਜਾ-ਅਰਚਨਾ ਨਾਲ ਹੋਈ। ਇਸ ਉਪਰੰਤ ਕਲੱਬ ਦੇ ਅਹੁਦੇਦਾਰਾਂ ਵੱਲੋਂ ਦੋਵੇਂ ਪਰਿਵਾਰਾਂ ਨੂੰ ਰਾਮ ਦਰਬਾਰ ਦੀਆਂ ਸੁੰਦਰ ਮੂਰਤੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹਨੂਮਾਨ ਜੀ ਨੇ ਮਾਤਾ ਸੀਤਾ ਨੂੰ ਦਿੱਤਾ ਪ੍ਰਭੂ ਸ੍ਰੀ ਰਾਮ ਦਾ ਸੰਦੇਸ਼ ਰਾਮਲੀਲਾ ਦੇ ਪਹਿਲੇ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਪ੍ਰਭੂ ਸ੍ਰੀ ਰਾਮ ਦਾ ਆਸ਼ੀਰਵਾਦ ਲੈ ਕੇ ਹਨੂਮਾਨ ਜੀ ਮਾਤਾ ਸੀਤਾ ਦੀ ਭਾਲ ਵਿੱਚ ਲੰਕਾ ਪਹੁੰਚਦੇ ਹਨ। ਉੱਥੇ ਉਨ੍ਹਾਂ ਦੀ ਮੁਲਾਕਾਤ ਵਿਭੀਸ਼ਣ ਨਾਲ ਹੁੰਦੀ ਹੈ, ਜੋ ਉਨ੍ਹਾਂ ਨੂੰ ਮਾਤਾ ਸੀਤਾ ਦੇ ਅਸ਼ੋਕ ਵਾਟਿਕਾ ਵਿੱਚ ਹੋਣ ਬਾਰੇ ਜਾਣਕਾਰੀ ਦਿੰਦੇ ਹਨ। ਇਸ ਤੋਂ ਬਾਅਦ ਹਨੂਮਾਨ ਜੀ ਅਸ਼ੋਕ ਵਾਟਿਕਾ ਪਹੁੰਚ ਕੇ ਮਾਤਾ ਸੀਤਾ ਨਾਲ ਮੁਲਾਕਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਪ੍ਰਭੂ ਸ੍ਰੀ ਰਾਮ ਵੱਲੋਂ ਦਿੱਤੀ ਨਿਸ਼ਾਨੀ ਦਿਖਾ ਕੇ ਆਪਣੀ ਪਛਾਣ ਕਰਵਾਉਂਦੇ ਹਨ। ਮਾਤਾ ਸੀਤਾ ਨੂੰ ਪ੍ਰਭੂ ਸ੍ਰੀ ਰਾਮ ਦਾ ਸੰਦੇਸ਼ ਦੇ ਕੇ ਹਨੂਮਾਨ ਜੀ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਜਲਦੀ ਹੀ ਪ੍ਰਭੂ ਸ੍ਰੀ ਰਾਮ ਉਨ੍ਹਾਂ ਨੂੰ ਰਾਵਣ ਦੀ ਕੈਦ ਵਿੱਚੋਂ ਮੁਕਤ ਕਰਵਾਉਣਗੇ। ਇਸ ਭਾਵੁਕ ਦ੍ਰਿਸ਼ ਨੇ ਦਰਸ਼ਕਾਂ ਨੂੰ ਭਗਤੀ ਅਤੇ ਸ਼ਰਧਾ ਨਾਲ ਜੋੜਿਆ। ਅਸ਼ੋਕ ਵਾਟਿਕਾ ਦੀ ਤਬਾਹੀ ਅਤੇ ਅਕਸ਼ੇ ਕੁਮਾਰ ਨਾਲ ਭਿਆਨਕ ਯੁੱਧ ਇਸ ਤੋਂ ਬਾਅਦ ਹਨੂਮਾਨ ਜੀ ਅਸ਼ੋਕ ਵਾਟਿਕਾ ਵਿੱਚ ਫਲ ਖਾਂਦੇ ਹੋਏ ਉੱਥੇ ਭਾਰੀ ਉਥਲ-ਪੁਥਲ ਮਚਾ ਦਿੰਦੇ ਹਨ। ਵਾਟਿਕਾ ਦੀ ਤਬਾਹੀ ਦੀ ਖ਼ਬਰ ਮਿਲਣ ’ਤੇ ਰਾਵਣ ਦੇ ਸੈਨਿਕ ਉਨ੍ਹਾਂ ਨੂੰ ਰੋਕਣ ਲਈ ਪਹੁੰਚਦੇ ਹਨ, ਪਰ ਹਨੂਮਾਨ ਜੀ ਦੀ ਸ਼ਕਤੀ ਅੱਗੇ ਟਿਕ ਨਹੀਂ ਸਕਦੇ। ਇਸ ਉਪਰੰਤ ਰਾਵਣ ਆਪਣੇ ਪੁੱਤਰ ਅਕਸ਼ੇ ਕੁਮਾਰ ਨੂੰ ਹਨੂਮਾਨ ਜੀ ਨਾਲ ਯੁੱਧ ਕਰਨ ਲਈ ਭੇਜਦਾ ਹੈ। ਦੋਵਾਂ ਵਿਚਕਾਰ ਹੋਏ ਜ਼ਬਰਦਸਤ ਮੁਕਾਬਲੇ ਦੌਰਾਨ ਹਨੂਮਾਨ ਜੀ ਅਕਸ਼ੇ ਕੁਮਾਰ ਦਾ ਵਧ ਕਰ ਦਿੰਦੇ ਹਨ। ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਵਣ ਕ੍ਰੋਧਿਤ ਹੋ ਜਾਂਦਾ ਹੈ ਅਤੇ ਮੇਘਨਾਥ ਨੂੰ ਹਨੂਮਾਨ ਜੀ ਨੂੰ ਕਾਬੂ ਕਰਨ ਲਈ ਭੇਜਦਾ ਹੈ। ਲੰਬੇ ਸੰਘਰਸ਼ ਤੋਂ ਬਾਅਦ ਮੇਘਨਾਥ ਉਨ੍ਹਾਂ ਨੂੰ ਬੰਦੀ ਬਣਾ ਕੇ ਰਾਵਣ ਦੇ ਦਰਬਾਰ ਵਿੱਚ ਪੇਸ਼ ਕਰ ਦਿੰਦਾ ਹੈ। ਪੂਛ ਨੂੰ ਅੱਗ ਲਗਾਉਣ ਦੀ ਸਜ਼ਾ ਰਾਵਣ ਨੂੰ ਪਈ ਮਹਿੰਗੀ ਰਾਵਣ ਦੇ ਦਰਬਾਰ ਵਿੱਚ ਹਨੂਮਾਨ ਜੀ ਅਤੇ ਰਾਵਣ ਵਿਚਕਾਰ ਤਿੱਖੇ ਸੰਵਾਦ ਹੁੰਦੇ ਹਨ। ਰਾਵਣ ਦੇ ਹੁਕਮ ’ਤੇ ਹਨੂਮਾਨ ਜੀ ਦੀ ਪੂੰਛ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪਰ ਹਨੂਮਾਨ ਜੀ ਇਸੇ ਅੱਗ ਨਾਲ ਸੋਨੇ ਦੀ ਲੰਕਾ ਨੂੰ ਸਾੜਨਾ ਸ਼ੁਰੂ ਕਰ ਦਿੰਦੇ ਹਨ। ਲੰਕਾ ਵਿੱਚ ਅੱਗ ਫੈਲਣ ਦੇ ਦ੍ਰਿਸ਼ ਨੂੰ ਦੇਖ ਕੇ ਦਰਸ਼ਕਾਂ ਨੇ ਖ਼ੂਬ ਉਤਸ਼ਾਹ ਦਿਖਾਇਆ ਅਤੇ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ। ਇਸ ਤੋਂ ਬਾਅਦ ਹਨੂਮਾਨ ਜੀ ਉੱਥੋਂ ਵਾਪਸ ਰਵਾਨਾ ਹੋ ਜਾਂਦੇ ਹਨ। ਕਲਾਕਾਰਾਂ ਨੇ ਨਿਭਾਏ ਪ੍ਰਭਾਵਸ਼ਾਲੀ ਕਿਰਦਾਰ ਇਸ ਰਾਮਲੀਲਾ ਦੌਰਾਨ ਰਾਵਣ ਦੀ ਭੂਮਿਕਾ ਪਾਲਾ ਸਿੰਘ, ਮਾਤਾ ਸੀਤਾ ਦੀ ਵਿਜੇ ਲੂੰਬਾ, ਹਨੂਮਾਨ ਜੀ ਦੀ ਪੰਕਜ ਜਿੰਦਲ, ਮੇਘਨਾਥ ਦੀ ਇੰਦਰ ਸਿੰਘ ਅਤੇ ਅਕਸ਼ੇ ਕੁਮਾਰ ਦੀ ਜਤਿਨ ਸ਼ਰਮਾ ਨੇ ਬਾਖ਼ੂਬੀ ਨਿਭਾਈ। ਇਸ ਤੋਂ ਇਲਾਵਾ ਮਾਲੀ ਦੇ ਕਿਰਦਾਰ ਮਾਣਕ ਸ਼ਾਹ, ਧਰਮਿੰਦਰ ਬਨੀ, ਆਸ਼ੀਸ਼ ਬਰਗਾੜੀ, ਮੋਨੂੰ ਰੁਪਾਲ, ਸਮਰਾਟ ਸ਼ੰਕਰ ਅਤੇ ਸਚਿਨ ਸ਼ਰਮਾ ਸਮੇਤ ਹੋਰ ਕਲਾਕਾਰਾਂ ਨੇ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਰਾਮਲੀਲਾ ਦਾ ਸੰਗੀਤ ਨਿਰਦੇਸ਼ਨ ਰਾਮ ਅਵਤਾਰ ਵਰਮਾ, ਸੋਨੂੰ ਵਰਮਾ ਅਤੇ ਟੋਨੀ ਵਰਮਾ ਵੱਲੋਂ ਕੀਤਾ ਜਾ ਰਿਹਾ ਹੈ, ਜਦਕਿ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਦੀਪ ਪਾਟਿਲ ਟੋਨੀ ਅਤੇ ਸੋਨੂੰ ਸੂਰੀ ਨਿਭਾਅ ਰਹੇ ਹਨ। ਮਾਸਟਰ ਸੁਰਿੰਦਰ ਲੂੰਬਾ ਦਾ ਜਨਮਦਿਨ ਮਨਾਇਆ ਰਾਮਲੀਲਾ ਦੀ ਸਮਾਪਤੀ ਉਪਰੰਤ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ ਦਾ ਜਨਮਦਿਨ ਕੇਕ ਕੱਟ ਕੇ ਬੜੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਚੇਅਰਮੈਨ ਸਤੀਸ਼ ਕੁਮਾਰ ਭੀਰੀ, ਸੁਨੀਲ ਗਰਗ ਫੈਟੀ, ਈਸ਼ਵਰ ਜਿੰਦਲ ਈਸ਼ੂ, ਨਰੇਸ਼ ਮਿੱਤਲ, ਨਵਲ ਜੈਨ, ਅਨਿਲ ਮਿੱਤਲ, ਵਿਕਾਸ ਗਰਗ ਘੋਟਾ, ਨਰੇਸ਼ ਸ਼ਿਵਾ, ਪੰਕਜ ਜਿੰਦਲ, ਬਿੰਦੂ ਸਦਿਓੜਾ, ਟਿੰਕੂ ਢੱਲਾ, ਪਾਲਾ ਰਾਵਣ, ਗਣੇਸ਼ ਗੋਇਲ ਡੋਲਾ, ਅਸ਼ੋਕ ਗਰਗ, ਟੋਨੀ ਡੋਡ, ਦਰਸ਼ਨ ਚੌਧਰੀ, ਮਹਾਂਵੀਰ ਜਾਰੀਵਾਲ ਅਤੇ ਰਾਜੇਸ਼ ਬੱਬੂ ਸਮੇਤ ਹੋਰ ਮੈਂਬਰਾਂ ਨੇ ਆਰਤੀ ਕੀਤੀ। ਅੰਤ ਵਿੱਚ ਕਲੱਬ ਦੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਅਤੇ ਪ੍ਰਧਾਨ ਸੰਦੀਪ ਪਾਟਿਲ ਟੋਨੀ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਰਾਮਲੀਲਾ ਦੇ ਸਫ਼ਲ ਆਯੋਜਨ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਪੰਜਾਬ ਮਹਾਵੀਰ ਦਲ, ਮਾਂ ਵੈਸ਼ਨੋ ਦੇਵੀ ਸੇਵਾ ਦਲ, ਜੈ ਭੋਲੇ ਡਾਕ ਕਾਂਵੜ ਸੰਘ ਅਤੇ ਮਾਂ ਛਿੰਨਮਸਤਿਕਾ ਲੰਗਰ ਕਮੇਟੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।