- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸੰਧਵਾਂ ਵਿਖੇ ਪਹਿਲੇ ਓਪਨ ਕਾਸਕੋ ਕ੍ਰਿਕਟ ਟੂਰਨਾਮੈਂਟ ’ਚ ਪੁੱਜੇ ਸਪੀਕਰ ਸੰਧਵਾਂ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਸੰਧਵਾਂ ਦੇ ਕ੍ਰਿਕਟ ਗਰਾਊਂਡ ਵਿਖੇ ਕਰਵਾਏ ਗਏ ਪਹਿਲੇ ਓਪਨ ਕਾਸਕੋ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਨੁਸ਼ਾਸਨ, ਮਿਹਨਤ, ਸਹਿਣਸ਼ੀਲਤਾ, ਆਪਸੀ ਸਹਿਯੋਗ ਅਤੇ ਟੀਮ ਭਾਵਨਾ ਵਰਗੇ ਗੁਣ ਵੀ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜੇ ਰਹਿਣ ਨਾਲ ਨੌਜਵਾਨ ਉਸਾਰੂ ਗਤੀਵਿਧੀਆਂ ਵਿੱਚ ਰੁੱਝੇ ਰਹਿੰਦੇ ਹਨ ਅਤੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਖੇਡ ਟੂਰਨਾਮੈਂਟ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਮੁਕਾਬਲਿਆਂ ਰਾਹੀਂ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਅਤੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਣੇ ਚਾਹੀਦੇ ਹਨ। ਸਪੀਕਰ ਸੰਧਵਾਂ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ, ਪਰ ਅਸਲ ਮਹੱਤਵ ਖੇਡ ਭਾਵਨਾ, ਮਿਹਨਤ ਅਤੇ ਅਨੁਸ਼ਾਸਨ ਨਾਲ ਖੇਡਣ ਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ, ਜਿਸ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਵਧੇਰੇ ਮੌਕੇ ਮਿਲਣਗੇ। ਇਸ ਮੌਕੇ ਟੂਰਨਾਮੈਂਟ ਦੇ ਪ੍ਰਧਾਨ ਗੋਲਡੀ ਸ਼ਰਮਾ, ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਟੀਮ ਮੈਨੇਜਰ ਲਵਲੀ ਗਰੋਵਰ, ਸਕੱਤਰ ਦੀਪਕ ਸ਼ਰਮਾ, ਸਲਾਹਕਾਰ ਗਗਨਦੀਪ ਸਿੰਘ, ਅਰਸ਼ਦੀਪ ਸਿੰਘ ਅਤੇ ਪ੍ਰਭਜੋਤ ਸਿੰਘ, ਸਹਾਇਕ ਮੈਨੇਜਰ ਮਾਨਵ ਕੌੜਾ, ਮੈਂਬਰ ਸਰਬਜੀਤ ਸਿੰਘ ਅਤੇ ਤਨਿਸ਼ ਗੁਪਤਾ ਤੋਂ ਇਲਾਵਾ ਅੰਪਾਇਰ ਯੁਵਰਾਜ ਮਿੱਤਲ ਵੀ ਹਾਜ਼ਰ ਸਨ।