ਮਾਲਵਾ ਰੰਗਮੰਚ ਵੱਲੋਂ ਨਾਟਕਕਾਰ ਡਾ. ਕੁਲਬੀਰ ਮਲਿਕ ਦਾ ਵਿਸ਼ੇਸ਼ ਸਨਮਾਨ ਮਾਲਵਾ ਰੰਗਮੰਚ ਵੱਲੋਂ ਨਾਟਕਕਾਰ ਡਾ. ਕੁਲਬੀਰ ਮਲਿਕ ਦਾ ਵਿਸ਼ੇਸ਼ ਸਨਮਾਨ
Publish Date: Sun, 18 Oct 2026 03:34 PM (IST)
Updated Date: Sun, 18 Oct 2026 03:36 PM (IST)
‘ਡਾਕ ਨਿੱਤ ਆਵੇਗੀ’ ਨੂੰ ਮਿਲਿਆ ਡਾ. ਈਸ਼ਵਰ ਚੰਦਰ ਨੰਦਾ ਪੁਰਸਕਾਰ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ: ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਡਾ. ਕੁਲਬੀਰ ਮਲਿਕ ਦੀ ਪੁਸਤਕ ‘ਡਾਕ ਨਿੱਤ ਆਵੇਗੀ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਸਾਲ ਦੇ ਡਾ. ਈਸ਼ਵਰ ਚੰਦਰ ਨੰਦਾ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਮਾਲਵਾ ਰੰਗਮੰਚ (ਰਜਿ.) ਪੰਜਾਬ ਵੱਲੋਂ ਉਨ੍ਹਾਂ ਦੇ ਫ਼ਰੀਦਕੋਟ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਸਾਹਿਤ ਪ੍ਰੇਮੀਆਂ ਨੇ ਡਾ. ਮਲਿਕ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਪੰਜਾਬੀ ਨਾਟਕ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮਾਲਵਾ ਰੰਗਮੰਚ ਦੇ ਸਰਪ੍ਰਸਤ ਡਾ. ਜਲੌਰ ਸਿੰਘ ਖੀਵਾ ਅਤੇ ਪ੍ਰਧਾਨ ਡਾ. ਨਿਰਮਲ ਜੌੜਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਦੱਸਿਆ ਕਿ ਡਾ. ਕੁਲਬੀਰ ਮਲਿਕ ਪਿਛਲੇ ਢਾਈ ਦਹਾਕਿਆਂ ਤੋਂ ਰੰਗਮੰਚ ਦੇ ਖੇਤਰ ਵਿੱਚ ਸਰਗਰਮ ਹਨ। ਉਨ੍ਹਾਂ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਨਾਟਕਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੱਧਰ ’ਤੇ ਲਗਾਤਾਰ ਮਾਣ-ਸਨਮਾਨ ਮਿਲਦੇ ਰਹੇ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ‘ਫ਼ਿਰਦੌਸ ਰੰਗਮੰਚ’ ਵੱਲੋਂ ਹਰ ਸਾਲ ਫ਼ਰੀਦਕੋਟ ਵਿੱਚ ਪੰਜ ਰੋਜ਼ਾ ਨਾਟਕ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬ ਭਰ ਦੀਆਂ ਨਾਟਕ ਮੰਡਲੀਆਂ ਆਪਣੀਆਂ ਪੇਸ਼ਕਾਰੀਆਂ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਡਾ. ਕੁਲਬੀਰ ਮਲਿਕ ਹੁਣ ਤੱਕ ਪੰਜਾਬੀ ਰੰਗਮੰਚ ਦੀ ਝੋਲੀ ਸੱਤ ਪੁਸਤਕਾਂ ਪਾ ਚੁੱਕੇ ਹਨ। ਇਨ੍ਹਾਂ ਵਿੱਚ ਬਾਲ ਨਾਟਕਾਂ ਦੀਆਂ ਪੁਸਤਕਾਂ ‘ਪੈਸਿਆਂ ਦਾ ਰੁੱਖ’ ਅਤੇ ‘ਪਰੀਆਂ ਦੇ ਦੇਸ਼ ਵਿੱਚ’ ਤੋਂ ਇਲਾਵਾ ‘ਪਾਵੇਲ’, ‘ਪਿਆਰਾਂ’, ‘ਡਾਕ ਨਿੱਤ ਆਵੇਗੀ’ ਅਤੇ ‘ਤਾਰੋ ਤਾਰ ਸਾਰੰਗੀਆਂ’ ਆਦਿ ਸ਼ਾਮਲ ਹਨ। ਉਨ੍ਹਾਂ ਦੀ ਲੇਖਣੀ ਅਤੇ ਨਿਰਦੇਸ਼ਨ ਨੇ ਪੰਜਾਬੀ ਨਾਟਕ ਜਗਤ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਕੁਲਬੀਰ ਮਲਿਕ ਨੇ ਕਿਹਾ ਕਿ ਉਨ੍ਹਾਂ ਦੀਆਂ ਸਾਹਿਤਕ ਅਤੇ ਰੰਗਮੰਚੀ ਪ੍ਰਾਪਤੀਆਂ ਪਿੱਛੇ ਅਧਿਆਪਕਾਂ ਅਤੇ ਸਾਹਿਤਕਾਰਾਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਸਮੇਂ ਨਾਟਕਕਾਰ ਜਗਦੇਵ ਢਿੱਲੋਂ ਅਤੇ ਕਾਲਜ ਤੇ ਨੌਕਰੀ ਦੇ ਮੁੱਢਲੇ ਪੜਾਅ ਦੌਰਾਨ ਕਵੀ, ਵਾਰਤਕਕਾਰ ਅਤੇ ਨਾਟਕਕਾਰ ਕੁਮਾਰ ਜਗਦੇਵ ਸਿੰਘ ਬਰਾੜ ਤੋਂ ਮਿਲੇ ਸਹਿਯੋਗ ਨੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਪਹਿਲੀ ਪੁਸਤਕ ‘ਪਾਵੇਲ’ ਵੀ ਕੁਮਾਰ ਜਗਦੇਵ ਸਿੰਘ ਨੂੰ ਸਮਰਪਿਤ ਕੀਤੀ ਗਈ ਸੀ। ਸਮਾਗਮ ਦੇ ਅੰਤ ਵਿੱਚ ਮਾਲਵਾ ਰੰਗਮੰਚ ਵੱਲੋਂ ਡਾ. ਕੁਲਬੀਰ ਮਲਿਕ ਨੂੰ ਸ਼ਾਨਦਾਰ ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਦੇ ਸਕੱਤਰ ਕੁਮਾਰ ਜਗਦੇਵ ਸਿੰਘ ਬਰਾੜ ਨੇ ਉਨ੍ਹਾਂ ਨੂੰ ਪ੍ਰਤਿਭਾਸ਼ਾਲੀ ਨਾਟਕਕਾਰ ਅਤੇ ਨਿਰਦੇਸ਼ਕ ਦੱਸਦਿਆਂ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਆਸ ਪ੍ਰਗਟਾਈ। ਇਸ ਮੌਕੇ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਪ੍ਰੋ. ਦਲਬੀਰ ਸਿੰਘ, ਨਿਰਦੇਸ਼ਕ ਰਾਜਿੰਦਰ ਬੁਲਟ, ਬਲਜੀਤ ਸਿੰਘ ਬਿੰਦਰਾ, ਚੇਅਰਮੈਨ ਪ੍ਰਵੀਨ ਕਾਲਾ, ਲਖਵਿੰਦਰ ਸਿੰਘ ਬਰਾੜ, ਅਜੇ ਗਰਗ, ਵਰੁਣ ਸ਼ਰਮਾ, ਹਰਮਿੰਦਰ ਮਿੰਦਾ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ।