- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਮਾਡਰਨ ਜੇਲ੍ਹ ਦੀ ਸੁਰੱਖਿਆ ਪਰਖਣ ਲਈ ਫਰੀਦਕੋਟ ਪੁਲਿਸ ਦੀ ਅਚਨਚੇਤ ਕਾਰਵਾਈ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫ਼ਰੀਦਕੋਟ : ਜੇਲ੍ਹਾਂ ਅੰਦਰ ਨਸ਼ੀਲੇ ਪਦਾਰਥਾਂ ਅਤੇ ਹੋਰ ਗੈਰਕਾਨੂੰਨੀ ਵਸਤਾਂ ਦੀ ਪਹੁੰਚ ਰੋਕਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਨੂੰ ਪਰਖਣ ਦੇ ਮਕਸਦ ਨਾਲ ਫ਼ਰੀਦਕੋਟ ਪੁਲਿਸ ਨੇ ਕੇਂਦਰੀ ਮਾਡਰਨ ਜੇਲ੍ਹ ਵਿੱਚ ਅਚਨਚੇਤ ਜਾਂਚ ਮੁਹਿੰਮ ਚਲਾਈ। ਇਸ ਕਾਰਵਾਈ ਦੌਰਾਨ ਕਰੀਬ 200 ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਜੇਲ੍ਹ ਦੇ ਅੰਦਰਲੇ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਅਚਾਨਕ ਕੀਤੀ ਗਈ ਇਸ ਕਾਰਵਾਈ ਦਾ ਮੁੱਖ ਉਦੇਸ਼ ਜੇਲ੍ਹ ਦੀ ਸੁਰੱਖਿਆ ਵਿਵਸਥਾ ਵਿੱਚ ਕਿਸੇ ਵੀ ਸੰਭਾਵੀ ਕਮੀ ਦੀ ਪਛਾਣ ਕਰਨਾ ਅਤੇ ਗੈਰਕਾਨੂੰਨੀ ਗਤੀਵਿਧੀਆਂ ’ਤੇ ਰੋਕ ਲਗਾਉਣਾ ਸੀ। ਪੁਲਿਸ ਦੀ ਇਹ ਮੁਹਿੰਮ ਜਸਪ੍ਰੀਤ ਸਿੰਘ, ਪੀਪੀਐੱਸ, ਐੱਸਪੀ (ਸਥਾਨਕ), ਫ਼ਰੀਦਕੋਟ ਅਤੇ ਤਰਲੋਚਨ ਸਿੰਘ, ਡੀਐੱਸਪੀ (ਸਬ-ਡਵੀਜ਼ਨ) ਦੀ ਨਿਗਰਾਨੀ ਹੇਠ ਚਲਾਈ ਗਈ। ਇਸ ਦੌਰਾਨ ਥਾਣਾ ਸਿਟੀ ਅਤੇ ਥਾਣਾ ਸਦਰ ਫ਼ਰੀਦਕੋਟ ਦੇ ਮੁੱਖ ਅਫ਼ਸਰਾਂ ਸਮੇਤ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ। ਜਾਂਚ ਮੁਹਿੰਮ ਦੌਰਾਨ ਪੁਲਿਸ ਟੀਮਾਂ ਨੇ ਕੈਦੀਆਂ ਦੀਆਂ ਬੈਰਕਾਂ, ਕੰਟੀਨ, ਬਾਥਰੂਮਾਂ, ਜੇਲ੍ਹ ਦੀ ਚਾਰਦੀਵਾਰੀ ਅਤੇ ਨਿਗਰਾਨੀ ਕੈਮਰਿਆਂ ਸਮੇਤ ਹੋਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਮਹਿਲਾ ਬੈਰਕਾਂ ਦੀ ਤਲਾਸ਼ੀ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਨਿਰਧਾਰਤ ਸੁਰੱਖਿਆ ਨਿਯਮਾਂ ਅਤੇ ਨਿੱਜਤਾ ਦਾ ਧਿਆਨ ਰੱਖਦਿਆਂ ਕੀਤੀ ਗਈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਦਾ ਮਕਸਦ ਜੇਲ੍ਹ ਅੰਦਰ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਵਸਤੂ ਜਾਂ ਨਸ਼ੀਲੇ ਪਦਾਰਥ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਦੀ ਪ੍ਰਭਾਵਸ਼ੀਲਤਾ ਨੂੰ ਜਾਂਚਣਾ ਸੀ। ਉਨ੍ਹਾਂ ਅਨੁਸਾਰ, ਕਾਰਵਾਈ ਨੂੰ ਗੁਪਤ ਰੱਖਿਆ ਗਿਆ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਪਹਿਲਾਂ ਤੋਂ ਜਾਣਕਾਰੀ ਮਿਲਣ ਕਾਰਨ ਬਚਣ ਦਾ ਮੌਕਾ ਨਾ ਮਿਲ ਸਕੇ। ਪੁਲਿਸ ਵੱਲੋਂ ਜੇਲ੍ਹ ਦੇ ਅੰਦਰੂਨੀ ਪ੍ਰਬੰਧਾਂ ਦੇ ਨਾਲ-ਨਾਲ ਬਾਹਰੀ ਸੁਰੱਖਿਆ ਨੂੰ ਵੀ ਅਹਿਮੀਅਤ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਥਾਣਾ ਮੁਖੀਆਂ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਜੇਲ੍ਹ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਰਿਕਾਰਡ ਰੱਖਣ ਲਈ ਕਿਹਾ ਗਿਆ ਹੈ, ਤਾਂ ਜੋ ਜੇਲ੍ਹ ਅੰਦਰ ਨਸ਼ੀਲੇ ਪਦਾਰਥ ਜਾਂ ਹੋਰ ਗੈਰਕਾਨੂੰਨੀ ਵਸਤਾਂ ਸੁੱਟਣ ਵਰਗੀਆਂ ਸੰਭਾਵੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਅਚਨਚੇਤ ਜਾਂਚ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਕਾਰਵਾਈ ਰਾਹੀਂ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ਨੂੰ ਚੌਕਸ ਰੱਖਣ ਅਤੇ ਗੈਰਕਾਨੂੰਨੀ ਗਤੀਵਿਧੀਆਂ ਦੀ ਸੰਭਾਵਨਾ ਨੂੰ ਘਟਾਉਣ ’ਤੇ ਜ਼ੋਰ ਦਿੱਤਾ ਗਿਆ।