- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਝੋਨੇ ਦੀ ਖਰੀਦ ਸਬੰਧੀ ਸਮੱਸਿਆਵਾਂ ਦਾ ਤੁਰੰਤ ਹੱਲ ਕਰੇ: ਕਿੱਕੀ ਢਿੱਲੋਂ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸਾਦਿਕ ਅਤੇ ਦੀਪ ਸਿੰਘ ਵਾਲਾ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਮੰਡੀਆਂ ਵਿੱਚ ਵਿਕਰੀ ਲਈ ਪਈਆਂ ਝੋਨੇ ਦੀਆਂ ਢੇਰੀਆਂ ਅਤੇ ਬੋਰੀਆਂ ਦੇ ਲੱਗੇ ਅੰਬਾਰਾਂ ਨੂੰ ਦੇਖਦਿਆਂ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਝੋਨੇ ਦੀ ਖਰੀਦ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਸਰਗਰਮ ਭੂਮਿਕਾ ਨਿਭਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿੱਕੀ ਢਿੱਲੋਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਖਰੀਦ ਪ੍ਰਬੰਧਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਖੇਤਾਂ ਵਿੱਚ ਖੜ੍ਹੀ ਅਤੇ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਮੀਂਹ ਕਾਰਨ ਫ਼ਸਲ ਵਿੱਚ ਨਮੀ ਵਧਣ ਕਰਕੇ ਕਿਸਾਨਾਂ ਲਈ ਆਪਣੀ ਫ਼ਸਲ ਵੇਚਣੀ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੌਸਮੀ ਹਾਲਾਤ ਵਿੱਚ ਝੋਨੇ ਦੀ ਨਮੀ 17 ਫ਼ੀਸਦੀ ਤੱਕ ਲਿਆਉਣਾ ਕਿਸਾਨਾਂ ਲਈ ਵੱਡੀ ਚੁਣੌਤੀ ਹੈ। ਇਸ ਲਈ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ, ਉੱਥੇ ਝੋਨੇ ਦੀ ਖਰੀਦ ਲਈ ਨਿਯਮਾਂ ਵਿੱਚ ਤੁਰੰਤ ਛੋਟ ਦਿੱਤੀ ਜਾਵੇ ਅਤੇ ਨਮੀ ਦੀ ਨਿਰਧਾਰਤ ਹੱਦ 17 ਤੋਂ ਵਧਾ ਕੇ 20 ਫ਼ੀਸਦੀ ਕੀਤੀ ਜਾਵੇ, ਤਾਂ ਜੋ ਮੰਡੀਆਂ ਵਿੱਚ ਫ਼ਸਲ ਦੀ ਖਰੀਦ ਅਤੇ ਚੁਕਾਈ ਵਿੱਚ ਤੇਜ਼ੀ ਆ ਸਕੇ। ਕਿੱਕੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀਐੱਫਐੱਸਸੀ), ਫ਼ਰੀਦਕੋਟ ਨਾਲ ਫ਼ੋਨ ’ਤੇ ਗੱਲ ਕਰਕੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਇਸ ਸਬੰਧੀ ਪੱਤਰ ਲਿਖਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਅਤੇ ਖਰੀਦ ਵਿੱਚ ਦੇਰੀ ਹੁੰਦੀ ਹੈ ਤਾਂ ਅਗਲੀ ਫ਼ਸਲ ਦੀ ਆਮਦ ਨਾਲ ਮੰਡੀਆਂ ਵਿੱਚ ਥਾਂ ਦੀ ਘਾਟ ਪੈਦਾ ਹੋ ਸਕਦੀ ਹੈ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਉਨ੍ਹਾਂ ਹਾਈਬ੍ਰਿਡ ਝੋਨੇ ਦੀ ਖਰੀਦ ਦਾ ਮਸਲਾ ਵੀ ਉਠਾਉਂਦਿਆਂ ਕਿਹਾ ਕਿ ਖਰੀਦ ਲਈ ਨਿਰਧਾਰਤ ਕਿਸਮਾਂ ਸਬੰਧੀ ਸਪੱਸ਼ਟਤਾ ਪਹਿਲਾਂ ਹੀ ਹੋਣੀ ਚਾਹੀਦੀ ਸੀ। ਜੇਕਰ ਕਿਸੇ ਕਿਸਾਨ ਵੱਲੋਂ ਅਜਿਹੀ ਕਿਸਮ ਦੀ ਬਿਜਾਈ ਕੀਤੀ ਗਈ ਹੈ, ਜਿਸ ਦੀ ਖਰੀਦ ਜਾਂ ਮਿਲਿੰਗ ਨੂੰ ਲੈ ਕੇ ਕੋਈ ਸਮੱਸਿਆ ਆ ਰਹੀ ਹੈ, ਤਾਂ ਸ਼ੈਲਰ ਮਾਲਕਾਂ ਨੂੰ ਲੋੜੀਂਦੀ ਛੋਟ ਦੇ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਕੇ ਝੋਨੇ ਦੀ ਖਰੀਦ ਅਤੇ ਚੁਕਾਈ ਸੁਚਾਰੂ ਢੰਗ ਨਾਲ ਯਕੀਨੀ ਬਣਾਈ ਜਾਵੇ। ਇਸ ਮੌਕੇ ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ, ਗੁਰਸ਼ਵਿੰਦਰ ਸਿੰਘ ਬਰਾੜ, ਰਾਜਵਿੰਦਰ ਸਿੰਘ ਪੱਪੂ ਸ਼ਿਮਰੇਵਾਲਾ, ਗੁਰਸੇਵਕ ਸਿੰਘ ਬੁੱਟਰ, ਹਰਵਿੰਦਰ ਸਿੰਘ ਟਿੱਕਾ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਔਲਖ ਸਰਪੰਚ, ਅਮਨਪ੍ਰੀਤ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਸੰਦੀਪ ਗੁਲਾਟੀ, ਗੁਰਜੰਟ ਸਿੰਘ ਚੰਨੀਆਂ, ਗੁਰਪ੍ਰੀਤ ਸਿੰਘ ਬਰਾੜ, ਰਣਜੀਤ ਸਿੰਘ ਡੋਡ, ਹੈਪੀ ਸੰਧੂ ਬੁੱਟਰ, ਸਨੀ ਅਰੋੜਾ, ਸੁਖਵੀਰ ਮਰਾੜ, ਸੁਰਿੰਦਰ ਛਿੰਦਾ ਅਤੇ ਸੁਖਵਿੰਦਰ ਢਿੱਲੋਂ ਹਾਜ਼ਰ ਸਨ।