- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਲੀਲਾ ਦੀ ਨੌਵੀਂ ਰਾਤ ਪ੍ਰਭੂ ਰਾਮ ਦੀ ਸੁਗਰੀਵ ਨਾਲ ਹੋਈ ਮਿੱਤਰਤਾ, ਬਾਲੀ ਦਾ ਕੀਤਾ ਵਧ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵੱਲੋਂ ਕਰਵਾਈ ਜਾ ਰਹੀ ਸਾਲਾਨਾ ਰਾਮਲੀਲਾ ਦੀ ਨੌਵੀਂ ਰਾਤ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਸੁਗਰੀਵ ਨਾਲ ਮਿੱਤਰਤਾ ਅਤੇ ਬਾਲੀ ਵਧ ਦੇ ਪ੍ਰਸੰਗ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਕਲਾਕਾਰਾਂ ਵੱਲੋਂ ਨਿਭਾਏ ਗਏ ਵੱਖ-ਵੱਖ ਪਾਤਰਾਂ ਅਤੇ ਭਾਵਪੂਰਨ ਅਦਾਕਾਰੀ ਨੇ ਦਰਸ਼ਕਾਂ ਨੂੰ ਰਾਮਾਇਣ ਦੇ ਪ੍ਰਸੰਗਾਂ ਨਾਲ ਜੋੜੀ ਰੱਖਿਆ। ਰਾਮਲੀਲਾ ਦੀ ਨੌਵੀਂ ਰਾਤ ਮੌਕੇ ਐਡਵੋਕੇਟ ਕੁਲਦੀਪ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਅਤੇ ਮਾਂ ਸਰਸਵਤੀ ਦੀ ਅਰਾਧਨਾ ਉਪਰੰਤ ਪੂਜਾ-ਅਰਚਨਾ ਨਾਲ ਕੀਤੀ ਗਈ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਦੇ ਪਰਿਵਾਰ ਨੂੰ ਸੁੰਦਰ ਰਾਮ ਦਰਬਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜਟਾਯੂ ਨੇ ਪ੍ਰਭੂ ਰਾਮ ਨੂੰ ਸੁਣਾਈ ਸੀਤਾ ਹਰਨ ਦੀ ਕਹਾਣੀ
ਰਾਮਲੀਲਾ ਦੇ ਪਹਿਲੇ ਪ੍ਰਸੰਗ ਵਿੱਚ ਦਿਖਾਇਆ ਗਿਆ ਕਿ ਪ੍ਰਭੂ ਸ੍ਰੀ ਰਾਮ ਚੰਦਰ ਜੀ ਅਤੇ ਲਕਸ਼ਮਣ ਜੀ ਜੰਗਲਾਂ ਵਿੱਚ ਮਾਤਾ ਸੀਤਾ ਦੀ ਭਾਲ ਕਰ ਰਹੇ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਜ਼ਖ਼ਮੀ ਜਟਾਯੂ ਨਾਲ ਹੁੰਦੀ ਹੈ। ਜਟਾਯੂ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਰਾਵਣ ਦਾ ਮੁਕਾਬਲਾ ਕਰਦਿਆਂ ਮਾਤਾ ਸੀਤਾ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਰਾਵਣ ਉਨ੍ਹਾਂ ਨੂੰ ਜ਼ਖ਼ਮੀ ਕਰਕੇ ਮਾਤਾ ਸੀਤਾ ਨੂੰ ਲੰਕਾ ਲੈ ਗਿਆ। ਜਟਾਯੂ ਵੱਲੋਂ ਸਾਰੀ ਘਟਨਾ ਸੁਣਾਉਣ ਤੋਂ ਬਾਅਦ ਉਹ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੀ ਗੋਦ ਵਿੱਚ ਆਪਣੇ ਪ੍ਰਾਣ ਤਿਆਗ ਦਿੰਦੇ ਹਨ। ਇਸ ਦ੍ਰਿਸ਼ ਨੂੰ ਕਲਾਕਾਰਾਂ ਨੇ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ। ਇਸ ਤੋਂ ਬਾਅਦ ਪ੍ਰਭੂ ਰਾਮ ਅਤੇ ਲਕਸ਼ਮਣ ਵੱਲੋਂ ਜਟਾਯੂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਜੋ ਉਨ੍ਹਾਂ ਦੇ ਪਿਆਰ, ਸਤਿਕਾਰ ਅਤੇ ਧਰਮ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।
ਹਨੂਮਾਨ ਜੀ ਨੇ ਕਰਵਾਈ ਪ੍ਰਭੂ ਰਾਮ ਦੀ ਸੁਗਰੀਵ ਨਾਲ ਮਿੱਤਰਤਾ
ਇਸ ਤੋਂ ਅੱਗੇ ਦਿਖਾਇਆ ਗਿਆ ਕਿ ਮਾਤਾ ਸੀਤਾ ਦੀ ਭਾਲ ਕਰਦਿਆਂ ਪ੍ਰਭੂ ਸ੍ਰੀ ਰਾਮ ਚੰਦਰ ਜੀ ਅਤੇ ਲਕਸ਼ਮਣ ਜੀ ਦੀ ਮੁਲਾਕਾਤ ਹਨੂਮਾਨ ਜੀ ਨਾਲ ਹੁੰਦੀ ਹੈ। ਸ਼ੁਰੂ ਵਿੱਚ ਹਨੂਮਾਨ ਜੀ ਪ੍ਰਭੂ ਰਾਮ ਨੂੰ ਪਛਾਣ ਨਹੀਂ ਸਕਦੇ, ਪਰ ਜਦੋਂ ਉਨ੍ਹਾਂ ਨੂੰ ਪ੍ਰਭੂ ਦੀ ਅਸਲ ਪਛਾਣ ਹੁੰਦੀ ਹੈ ਤਾਂ ਉਹ ਉਨ੍ਹਾਂ ਦੇ ਚਰਨਾਂ ਵਿੱਚ ਨਮਨ ਕਰਦੇ ਹਨ ਅਤੇ ਭਾਵੁਕ ਹੋ ਜਾਂਦੇ ਹਨ। ਪ੍ਰਭੂ ਰਾਮ ਵੱਲੋਂ ਮਾਤਾ ਸੀਤਾ ਦੇ ਹਰਨ ਦੀ ਸਾਰੀ ਕਹਾਣੀ ਸੁਣਾਉਣ ਉਪਰੰਤ ਹਨੂਮਾਨ ਜੀ ਉਨ੍ਹਾਂ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਕਿਸ਼ਕਿੰਧਾ ਲੈ ਜਾਂਦੇ ਹਨ, ਜਿੱਥੇ ਸੁਗਰੀਵ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਂਦੀ ਹੈ। ਹਨੂਮਾਨ ਜੀ ਵੱਲੋਂ ਪ੍ਰਭੂ ਰਾਮ ਅਤੇ ਲਕਸ਼ਮਣ ਦੀ ਜਾਣ-ਪਛਾਣ ਕਰਵਾਉਣ ’ਤੇ ਸੁਗਰੀਵ ਬਹੁਤ ਖ਼ੁਸ਼ ਹੁੰਦੇ ਹਨ ਅਤੇ ਉਨ੍ਹਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ। ਇਸ ਮੌਕੇ ਪ੍ਰਭੂ ਰਾਮ ਅਤੇ ਸੁਗਰੀਵ ਇੱਕ-ਦੂਜੇ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਦੇ ਹਨ। ਪ੍ਰਭੂ ਰਾਮ ਮਾਤਾ ਸੀਤਾ ਦੀ ਭਾਲ ਅਤੇ ਰਾਵਣ ਵੱਲੋਂ ਕੀਤੇ ਗਏ ਹਰਨ ਬਾਰੇ ਦੱਸਦੇ ਹਨ, ਜਦਕਿ ਸੁਗਰੀਵ ਆਪਣੇ ਭਰਾ ਬਾਲੀ ਵੱਲੋਂ ਕੀਤੇ ਗਏ ਅਨਿਆਂ ਅਤੇ ਆਪਣੀ ਪਤਨੀ ਨੂੰ ਜਬਰੀ ਆਪਣੇ ਕੋਲ ਰੱਖਣ ਦੀ ਗੱਲ ਦੱਸਦੇ ਹਨ। ਇਸ ਤੋਂ ਬਾਅਦ ਦੋਵਾਂ ਵਿਚਕਾਰ ਮਿੱਤਰਤਾ ਹੋ ਜਾਂਦੀ ਹੈ ਅਤੇ ਪ੍ਰਭੂ ਰਾਮ ਸੁਗਰੀਵ ਨੂੰ ਉਸ ਦੇ ਹੱਕ ਦਿਵਾਉਣ ਦਾ ਭਰੋਸਾ ਦਿੰਦੇ ਹਨ।
ਬਾਲੀ ਅਤੇ ਸੁਗਰੀਵ ਵਿਚਕਾਰ ਹੋਏ ਯੁੱਧ ਦਾ ਦ੍ਰਿਸ਼
ਰਾਮਲੀਲਾ ਦੇ ਅਗਲੇ ਪ੍ਰਸੰਗ ਵਿੱਚ ਸੁਗਰੀਵ ਅਤੇ ਬਾਲੀ ਵਿਚਕਾਰ ਯੁੱਧ ਦਿਖਾਇਆ ਗਿਆ। ਪਹਿਲੀ ਵਾਰ ਯੁੱਧ ਦੌਰਾਨ ਦੋਵਾਂ ਭਰਾਵਾਂ ਦੀ ਸ਼ਕਲ ਇੱਕੋ ਜਿਹੀ ਹੋਣ ਕਾਰਨ ਪ੍ਰਭੂ ਰਾਮ ਬਾਣ ਨਹੀਂ ਚਲਾਉਂਦੇ। ਇਸ ਲੜਾਈ ਵਿੱਚ ਬਾਲੀ ਸੁਗਰੀਵ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ, ਜਿਸ ਕਾਰਨ ਸੁਗਰੀਵ ਨਿਰਾਸ਼ ਹੋ ਕੇ ਪ੍ਰਭੂ ਰਾਮ ਕੋਲ ਪਹੁੰਚਦਾ ਹੈ ਅਤੇ ਆਪਣੀ ਸ਼ਿਕਾਇਤ ਕਰਦਾ ਹੈ। ਪ੍ਰਭੂ ਰਾਮ ਉਸ ਨੂੰ ਸਮਝਾਉਂਦੇ ਹਨ ਕਿ ਦੋਵਾਂ ਭਰਾਵਾਂ ਦੀ ਸ਼ਕਲ ਮਿਲਦੀ-ਜੁਲਦੀ ਹੋਣ ਕਰਕੇ ਉਹ ਉਨ੍ਹਾਂ ਦੀ ਪਛਾਣ ਨਹੀਂ ਕਰ ਸਕੇ। ਇਸ ਤੋਂ ਬਾਅਦ ਪ੍ਰਭੂ ਰਾਮ ਸੁਗਰੀਵ ਦੇ ਗਲ ਵਿੱਚ ਪਹਿਚਾਣ ਵਜੋਂ ਹਾਰ ਪਾਉਂਦੇ ਹਨ ਅਤੇ ਉਸ ਨੂੰ ਦੁਬਾਰਾ ਬਾਲੀ ਨਾਲ ਯੁੱਧ ਕਰਨ ਲਈ ਭੇਜਦੇ ਹਨ। ਦੂਜੀ ਵਾਰ ਸੁਗਰੀਵ ਵੱਲੋਂ ਬਾਲੀ ਨੂੰ ਲਲਕਾਰਨ ’ਤੇ ਦੋਵਾਂ ਵਿਚਕਾਰ ਜ਼ਬਰਦਸਤ ਯੁੱਧ ਹੁੰਦਾ ਹੈ। ਇਸ ਦੌਰਾਨ ਪ੍ਰਭੂ ਰਾਮ ਬਾਣ ਚਲਾ ਕੇ ਬਾਲੀ ਨੂੰ ਜ਼ਖ਼ਮੀ ਕਰ ਦਿੰਦੇ ਹਨ। ਮੌਤ ਦੇ ਸਮੇਂ ਬਾਲੀ ਪ੍ਰਭੂ ਰਾਮ ਦੇ ਜੈਕਾਰਿਆਂ ਨਾਲ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਉਂਦਾ ਹੈ ਅਤੇ ਆਪਣੇ ਪੁੱਤਰ ਅੰਗਦ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਪ੍ਰਭੂ ਰਾਮ ਨੂੰ ਸੌਂਪਦਾ ਹੈ। ਇਸ ਤੋਂ ਬਾਅਦ ਬਾਲੀ ਦੇ ਅੰਤਿਮ ਪਲਾਂ ਅਤੇ ਸਿਆਪੇ ਦਾ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।
ਬਾਲਾ ਜੀ ਲੰਗਰ ਕਮੇਟੀ ਕੋਟਕਪੂਰਾ ਦੀ ਟੀਮ ਨੇ ਕੀਤੀ ਸ਼ਿਰਕਤ
ਇਸ ਰਾਤ ਦੀ ਰਾਮਲੀਲਾ ਦੇਖਣ ਲਈ ਬਾਲਾ ਜੀ ਲੰਗਰ ਕਮੇਟੀ ਕੋਟਕਪੂਰਾ ਦੇ ਪ੍ਰਧਾਨ ਕਰਨ ਕੁਮਾਰ ਆਪਣੀ ਸਮੁੱਚੀ ਟੀਮ ਸਮੇਤ ਪਹੁੰਚੇ। ਕਲੱਬ ਵੱਲੋਂ ਉਨ੍ਹਾਂ ਨੂੰ ਸਟੇਜ ’ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਰਾਮਲੀਲਾ ਦੇ ਵੱਖ-ਵੱਖ ਪਾਤਰਾਂ ਵਿੱਚ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ। ਪ੍ਰਭੂ ਸ੍ਰੀ ਰਾਮ ਚੰਦਰ ਦਾ ਕਿਰਦਾਰ ਹਰਸ਼ ਲੂੰਬਾ, ਲਕਸ਼ਮਣ ਦਾ ਕਿਰਦਾਰ ਅੰਕੁਰ ਕੁਮਾਰ, ਜਟਾਯੂ ਦਾ ਕਿਰਦਾਰ ਜੀਵਨ ਸਿੰਘ, ਹਨੂਮਾਨ ਜੀ ਦਾ ਕਿਰਦਾਰ ਪੰਕਜ ਜਿੰਦਲ, ਬਾਲੀ ਦਾ ਕਿਰਦਾਰ ਆਸ਼ੀਸ਼ ਗਰਗ ਬਰਗਾੜੀ, ਸੁਗਰੀਵ ਦਾ ਕਿਰਦਾਰ ਬਿਪਨ ਅਰੋੜਾ ਅਤੇ ਤਾਰਾ ਦਾ ਕਿਰਦਾਰ ਅਮਨ ਸੈਨ ਵੱਲੋਂ ਨਿਭਾਇਆ ਗਿਆ। ਰਾਮਲੀਲਾ ਦਾ ਸੰਗੀਤ ਨਿਰਦੇਸ਼ਨ ਰਾਮ ਅਵਤਾਰ ਵਰਮਾ ਅਤੇ ਸੋਨੂੰ ਵਰਮਾ ਵੱਲੋਂ ਕੀਤਾ ਜਾ ਰਿਹਾ ਹੈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਦੀਪ ਪਾਟਿਲ ਟੋਨੀ ਅਤੇ ਸੋਨੂੰ ਸੂਰੀ ਵੱਲੋਂ ਨਿਭਾਈ ਜਾ ਰਹੀ ਹੈ।
ਕਲੱਬ ਦੇ ਮੈਂਬਰਾਂ ਨੇ ਕੀਤੀ ਆਰਤੀ
ਰਾਮਲੀਲਾ ਦੇ ਮੌਕੇ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਚੇਅਰਮੈਨ ਸਤੀਸ਼ ਕੁਮਾਰ ਭੀਰੀ, ਸੁਨੀਲ ਗਰਗ ਫੈਟੀ, ਈਸ਼ਵਰ ਜਿੰਦਲ ਈਸ਼ੂ, ਨਰੇਸ਼ ਮਿੱਤਲ, ਨਵਲ ਜੈਨ, ਸੋਨੂੰ ਸੂਰੀ, ਅਨਿਲ ਮਿੱਤਲ, ਧਰਮਿੰਦਰ ਬਨੀ, ਵਿਕਾਸ ਗਰਗ ਘੋਟਾ, ਨਰੇਸ਼ ਸ਼ਿਵਾ, ਪੰਕਜ ਜਿੰਦਲ, ਬਿੰਦੂ ਸਦਿਓੜਾ, ਟਿੰਕੂ ਢੱਲਾ, ਪਾਲਾ ਰਾਵਣ, ਗਣੇਸ਼ ਗੋਇਲ ਡੋਲਾ, ਅਸ਼ੋਕ ਗਰਗ, ਟੋਨੀ ਡੋਡ, ਦਰਸ਼ਨ ਚੌਧਰੀ, ਮਹਾਂਵੀਰ ਜਾਰੀਵਾਲ ਅਤੇ ਰਾਜੇਸ਼ ਬੱਬੂ ਵੱਲੋਂ ਆਰਤੀ ਕੀਤੀ ਗਈ। ਅੰਤ ਵਿੱਚ ਕਲੱਬ ਦੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਅਤੇ ਪ੍ਰਧਾਨ ਸੰਦੀਪ ਪਾਟਿਲ ਟੋਨੀ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਮਹਾਵੀਰ ਦਲ, ਮਾਂ ਵੈਸ਼ਨੋ ਦੇਵੀ ਸੇਵਾ ਦਲ, ਜੈ ਭੋਲੇ ਡਾਕ ਕਾਵੜ ਸੰਘ ਅਤੇ ਮਾਂ ਛਿਨਮਸਤਿਕਾ ਲੰਗਰ ਕਮੇਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਦਿਲੋਂ ਧੰਨਵਾਦ ਪ੍ਰਗਟਾਇਆ। ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਰਾਮਲੀਲਾ ਰਾਹੀਂ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਮਰਿਆਦਾ, ਸੱਚਾਈ, ਮਿੱਤਰਤਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।