- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਵਿੱਚ ਗੜ੍ਹੇਮਾਰੀ ਨੇ ਮਚਾਈ ਤਬਾਹੀ, 19 ਹਜ਼ਾਰ ਏਕੜ ਫ਼ਸਲ ਪ੍ਰਭਾਵਿਤ

ਕੋਟਕਪੂਰਾ ਤੇ ਜੈਤੋ ਦੇ 19 ਪਿੰਡਾਂ ’ਚ ਝੋਨੇ ਤੇ ਬਾਸਮਤੀ ਦਾ ਭਾਰੀ ਨੁਕਸਾਨ, ਮੁਆਵਜ਼ੇ ਲਈ ਕਿਸਾਨਾਂ ਵੱਲੋਂ 6 ਘੰਟੇ ਧਰਨਾ
ਪੰਜਾਬੀ ਜਾਗਰਣ ਟੀਮ, ਫ਼ਰੀਦਕੋਟ/ਜੈਤੋ : ਫ਼ਰੀਦਕੋਟ : ਜ਼ਿਲ੍ਹਾ ਫ਼ਰੀਦਕੋਟ ਵਿੱਚ 15 ਅਕਤੂਬਰ ਨੂੰ ਹੋਈ ਭਾਰੀ ਬਾਰਿਸ਼, ਗੜ੍ਹੇਮਾਰੀ ਅਤੇ ਤੇਜ਼ ਤੂਫ਼ਾਨ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਵਾਢੀ ਲਈ ਤਿਆਰ ਖੜ੍ਹੀ ਝੋਨੇ ਅਤੇ ਬਾਸਮਤੀ ਦੀ ਫ਼ਸਲ ਖੇਤਾਂ ਵਿੱਚ ਵਿਛ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਢਲੇ ਅੰਦਾਜ਼ੇ ਅਨੁਸਾਰ ਜ਼ਿਲ੍ਹੇ ਦੇ ਕੋਟਕਪੂਰਾ ਅਤੇ ਜੈਤੋ ਤਹਿਸੀਲਾਂ ਦੇ 18 ਤੋਂ 19 ਪਿੰਡਾਂ ਵਿੱਚ ਲਗਪਗ 19 ਹਜ਼ਾਰ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਵੱਲੋਂ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਮੰਗ ਨੂੰ ਲੈ ਕੇ ਜੈਤੋ-ਬਠਿੰਡਾ ਸੜਕ ’ਤੇ ਕਿਸਾਨਾਂ ਨੇ ਲਗਪਗ ਛੇ ਘੰਟੇ ਧਰਨਾ ਵੀ ਦਿੱਤਾ, ਜਿਹੜਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਪਾਰਦਰਸ਼ੀ ਢੰਗ ਨਾਲ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦਾ ਭਰੋਸਾ ਦੇਣ ਮਗਰੋਂ ਸਮਾਪਤ ਹੋਇਆ। ਦੂਜੇ ਪਾਸੇ ਪਿੰਡ ਚੱਕ ਕਲਿਆਣ ਵਿੱਚ ਸ਼ੈੱਡ ਡਿੱਗਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ, ਜਦਕਿ ਵਾਂਦਰ ਜਟਾਣਾ ਵਿੱਚ ਦੋ ਰਾਈਸ ਮਿੱਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਪੱਕਾ ਝੋਨਾ ਅਤੇ ਬਾਸਮਤੀ ਖੇਤਾਂ ਵਿੱਚ ਵਿਛ ਗਈ ਹੈ। ਕਈ ਖੇਤਾਂ ਵਿੱਚ ਦਾਣੇ ਝੜ ਕੇ ਜ਼ਮੀਨ ’ਤੇ ਡਿੱਗ ਗਏ ਹਨ, ਜਦਕਿ ਬਾਰਿਸ਼ ਦਾ ਪਾਣੀ ਖੜ੍ਹਾ ਹੋਣ ਕਾਰਨ ਫ਼ਸਲ ਦੀ ਕਟਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ਸਲ ਪਾਲਣ ਲਈ ਪੂਰਾ ਸਾਲ ਮਿਹਨਤ ਅਤੇ ਵੱਡਾ ਖ਼ਰਚ ਕੀਤਾ ਸੀ, ਪਰ ਕੁਦਰਤ ਦੀ ਮਾਰ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਹੁਣ ਉਨ੍ਹਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਅਤੇ ਘਰੇਲੂ ਖ਼ਰਚਿਆਂ ਲਈ ਆਰਥਿਕ ਸਹਾਇਤਾ ਦੀ ਲੋੜ ਹੈ। ਪਿੰਡ ਵਾਂਦਰ ਜਟਾਣਾ ਦੇ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਤੂਫ਼ਾਨ ਨੇ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਹੈ ਅਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਗਲੀ ਫ਼ਸਲ ਦੀ ਤਿਆਰੀ ਲਈ ਪੈਸੇ ਦੀ ਲੋੜ ਹੈ। ਉਨ੍ਹਾਂ ਸਰਕਾਰ ਤੋਂ ਜਲਦ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਦੱਸਿਆ ਕਿ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੈ। ਪਿੰਡ ਵਾਂਦਰ ਜਟਾਣਾ ਦੇ ਕਿਸਾਨ ਸ਼ੰਮੀ ਸਿੰਘ ਨੇ ਦੱਸਿਆ ਕਿ ਤੂਫ਼ਾਨ ਅਤੇ ਗੜ੍ਹੇਮਾਰੀ ਕਾਰਨ ਪਿੰਡ ਦੇ ਕਿਸਾਨਾਂ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਆਪਣੀ 53 ਏਕੜ ਫ਼ਸਲ ਦੇ ਨੁਕਸਾਨ ਦਾ ਜ਼ਿਕਰ ਕਰਦਿਆਂ ਲਗਪਗ 45 ਲੱਖ ਰੁਪਏ ਦੀ ਆਰਥਿਕ ਮਾਰ ਪੈਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੁਕਸਾਨ ਦਾ ਸਹੀ ਮੁਲਾਂਕਣ ਕਰਵਾ ਕੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਪਟਵਾਰੀ ਮੌਕੇ ’ਤੇ ਪਹੁੰਚ ਕੇ ਫ਼ਸਲਾਂ ਦਾ ਜਾਇਜ਼ਾ ਲੈ ਚੁੱਕੇ ਹਨ।
----Box----
ਸ਼ੈੱਡ ਡਿੱਗਣ ਕਾਰਨ ਕਿਸਾਨ ਦੀ ਮੌਤ
ਕੁਦਰਤੀ ਆਫ਼ਤ ਦੌਰਾਨ ਪਿੰਡ ਚੱਕ ਕਲਿਆਣ ਵਿੱਚ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਕਿਸਾਨ ਗੁਰਬਖ਼ਸ਼ ਸਿੰਘ ਗੜ੍ਹੇਮਾਰੀ ਦੌਰਾਨ ਆਪਣੇ ਪਸ਼ੂਆਂ ਨੂੰ ਸ਼ੈੱਡ ਵਿੱਚ ਲਿਜਾ ਰਹੇ ਸਨ ਕਿ ਇਸੇ ਦੌਰਾਨ ਸ਼ੈੱਡ ਡਿੱਗ ਪਿਆ ਅਤੇ ਉਹ ਇਸ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪਿੰਡ ਵਾਂਦਰ ਜਟਾਣਾ ਵਿੱਚ ਸਥਿਤ ਦੋ ਰਾਈਸ ਮਿੱਲਾਂ ਦੇ ਸ਼ੈੱਡ ਵੀ ਤੇਜ਼ ਹਵਾਵਾਂ ਕਾਰਨ ਉਖੜ ਗਏ। ਇਸ ਨਾਲ ਮਿੱਲ ਮਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
----
ਕਿਸਾਨਾਂ ਨੇ ਜੈਤੋ-ਬਠਿੰਡਾ ਸੜਕ ’ਤੇ ਲਾਇਆ ਧਰਨਾ
ਜੈਤੋ ਹਲਕੇ ਦੇ ਪਿੰਡ ਚੈਨਾ, ਗੁੰਮਟੀ ਖੁਰਦ ਅਤੇ ਸੇਵੇਵਾਲਾ ਸਮੇਤ ਹੋਰ ਪਿੰਡਾਂ ਵਿੱਚ ਫ਼ਸਲਾਂ ਦੇ ਨੁਕਸਾਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਜੈਤੋ-ਬਠਿੰਡਾ ਸੜਕ ਜਾਮ ਕਰਕੇ ਧਰਨਾ ਦਿੱਤਾ। ਕਿਸਾਨਾਂ ਸੁਰਜੀਤ ਸਿੰਘ, ਕੁਲਵਿੰਦਰਜੀਤ ਸਿੰਘ, ਤਰਲੋਚਨ ਸਿੰਘ ਪੱਪੂ ਅਤੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੇਵੇਵਾਲਾ ਪਿੰਡ ਵਿੱਚ ਲਗਪਗ 2500 ਏਕੜ ਅਤੇ ਚੈਨਾ ਪਿੰਡ ਵਿੱਚ ਕਰੀਬ 1800 ਏਕੜ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਧਰਨੇ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਬਿਨਾਂ ਦੇਰੀ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੂਬਾ ਸਿੰਘ ਬਾਦਲ, ਕਾਂਗਰਸੀ ਆਗੂ ਪ੍ਰਕਾਸ਼ ਸਿੰਘ ਭੱਟੀ ਅਤੇ ਭਾਜਪਾ ਆਗੂ ਪ੍ਰਕਾਸ਼ ਸਿੰਘ ਸੇਵੇਵਾਲਾ ਨੇ ਵੀ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਦੀ ਮੰਗ ਦਾ ਸਮਰਥਨ ਕੀਤਾ। ਇਸ ਦੌਰਾਨ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਧਰਨੇ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਫ਼ਸਲਾਂ ਦੇ ਨੁਕਸਾਨ ਦੀ ਪਾਰਦਰਸ਼ੀ ਢੰਗ ਨਾਲ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਯਤਨ ਕੀਤੇ ਜਾਣਗੇ। ਵਿਧਾਇਕ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਖੇਤੀਬਾੜੀ ਵਿਭਾਗ ਦੀਆਂ ਟੀਮਾਂ ਕਰ ਰਹੀਆਂ ਸਰਵੇਖਣ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 15 ਅਕਤੂਬਰ ਨੂੰ ਸਵੇਰੇ ਅਤੇ ਦੁਪਹਿਰ ਤੋਂ ਬਾਅਦ ਹੋਈ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਵਿਭਾਗੀ ਟੀਮਾਂ ਦੇ ਮੁੱਢਲੇ ਦੌਰਿਆਂ ਦੌਰਾਨ 18 ਤੋਂ 19 ਪਿੰਡਾਂ ਵਿੱਚ ਲਗਪਗ 19 ਹਜ਼ਾਰ ਏਕੜ ਫ਼ਸਲ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦੀ ਅਸਲ ਸਥਿਤੀ ਸਰਵੇਖਣ ਪੂਰਾ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਗੜ੍ਹੇਮਾਰੀ ਹੋਣ ਕਾਰਨ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਸਰਵੇਖਣ ਕਰ ਰਹੀਆਂ ਹਨ ਅਤੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਨੁਕਸਾਨ ਦੇ ਮੁਲਾਂਕਣ ਮਗਰੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ।