ਗੜੇਮਾਰੀ ਨਾਲ ਸੇਵੇਵਾਲਾ ਪਿੰਡ ’ਚ 2500 ਏਕੜ ਝੋਨੇ ਦੀ ਫ਼ਸਲ ਤਬਾਹ ਗੜ੍ਹੇਮਾਰੀ ਨਾਲ ਸੇਵੇਵਾਲਾ ਪਿੰਡ ਦੀ 2500 ਏਕੜ ਝੋਨੇ ਦੀ ਫ਼ਸਲ ਤਬਾਹ, ਮੁਆਵਜ਼ੇ ਲਈ ਕਿਸਾਨਾਂ ਨੇ ਜੈਤੋ-ਬਠਿੰਡਾ ਮਾਰਗ ਕੀਤਾ ਜਾਮ
Publish Date: Fri, 16 Oct 2026 04:49 PM (IST)
Updated Date: Fri, 16 Oct 2026 04:51 PM (IST)
ਮੁਆਵਜ਼ੇ ਦੀ ਮੰਗ ਲਈ ਕਿਸਾਨਾਂ ਨੇ ਜੈਤੋ-ਬਠਿੰਡਾ ਮਾਰਗ ਕੀਤਾ ਜਾਮ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜੈਤੋ : ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਸੇਵੇਵਾਲਾ ਪਿੰਡ ਵਿੱਚ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਪਿੰਡ ਵਿੱਚ ਕਰੀਬ 2500 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਨੁਕਸਾਨ ਤੋਂ ਬਾਅਦ ਖੇਤਾਂ ਦਾ ਜਾਇਜ਼ਾ ਲੈਣ ਲਈ ਸਬੰਧਤ ਅਧਿਕਾਰੀਆਂ ਦੇ ਨਾ ਪਹੁੰਚਣ ਤੋਂ ਨਾਰਾਜ਼ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਜੈਤੋ-ਬਠਿੰਡਾ ਮਾਰਗ ’ਤੇ ਸੇਵੇਵਾਲਾ ਵਿਖੇ ਧਰਨਾ ਦੇ ਕੇ ਆਵਾਜਾਈ ਜਾਮ ਕਰ ਦਿੱਤੀ। ਧਰਨੇ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪੂਰਾ ਸਾਲ ਮਿਹਨਤ ਕਰਕੇ ਝੋਨੇ ਦੀ ਫ਼ਸਲ ਤਿਆਰ ਕੀਤੀ ਸੀ, ਪਰ ਗੜ੍ਹੇਮਾਰੀ ਨੇ ਕੁਝ ਹੀ ਸਮੇਂ ਵਿੱਚ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਕਿਸਾਨਾਂ ਲਈ ਇਹ ਨੁਕਸਾਨ ਹੋਰ ਵੀ ਵੱਡੀ ਆਰਥਿਕ ਮਾਰ ਹੈ ਕਿਉਂਕਿ ਕਈ ਕਿਸਾਨਾਂ ਨੇ ਜ਼ਮੀਨ ਠੇਕੇ ’ਤੇ ਲੈ ਕੇ ਫ਼ਸਲ ਬੀਜੀ ਹੋਈ ਸੀ। ਫ਼ਸਲ ਤਬਾਹ ਹੋਣ ਕਾਰਨ ਉਨ੍ਹਾਂ ਸਾਹਮਣੇ ਠੇਕੇ ਦੀ ਰਕਮ, ਖੇਤੀ ਲਾਗਤਾਂ ਅਤੇ ਪਰਿਵਾਰਾਂ ਦੇ ਗੁਜ਼ਾਰੇ ਦਾ ਸੰਕਟ ਖੜ੍ਹਾ ਹੋ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗਿਰਦਾਵਰੀ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰਹੇ, ਸਗੋਂ ਖੇਤਾਂ ਵਿੱਚ ਜਾ ਕੇ ਅਸਲ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇ, ਤਾਂ ਜੋ ਕੋਈ ਵੀ ਪ੍ਰਭਾਵਿਤ ਕਿਸਾਨ ਮੁਆਵਜ਼ੇ ਤੋਂ ਵਾਂਝਾ ਨਾ ਰਹਿ ਜਾਵੇ। ਕਿਸਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਕਾਂਗਰਸ ਪਾਰਟੀ ਦੇ ਆਗੂ ਪ੍ਰਕਾਸ਼ ਸਿੰਘ ਭੱਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਸੇਵੇਵਾਲਾ ਵੀ ਪਹੁੰਚੇ। ਇਸ ਮੌਕੇ ਕਿਸਾਨਾਂ ਨੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁੱਦਾ ਉਠਾਉਂਦਿਆਂ ਪੀੜਤ ਕਿਸਾਨਾਂ ਨੂੰ ਜਲਦ ਰਾਹਤ ਦੇਣ ਦੀ ਮੰਗ ਕੀਤੀ। ਵਿਧਾਇਕ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਧਰਨੇ ਦੀ ਸੂਚਨਾ ਮਿਲਣ ’ਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਗਿਰਦਾਵਰੀ ਕਰਵਾਉਣ ਅਤੇ ਨੁਕਸਾਨ ਦੇ ਆਧਾਰ ’ਤੇ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਸੜਕ ਤੋਂ ਜਾਮ ਹਟਾ ਲਿਆ। ਕਿਸਾਨਾਂ ਦੀ ਮੰਗ ਹੈ ਕਿ ਗਿਰਦਾਵਰੀ ਦੀ ਪ੍ਰਕਿਰਿਆ ਬਿਨਾਂ ਦੇਰੀ ਮੁਕੰਮਲ ਕੀਤੀ ਜਾਵੇ ਅਤੇ ਨੁਕਸਾਨ ਦੀ ਭਰਪਾਈ ਲਈ ਢੁੱਕਵੇਂ ਕਦਮ ਚੁੱਕੇ ਜਾਣ। ਹੁਣ ਪਿੰਡ ਦੇ ਕਿਸਾਨਾਂ ਦੀਆਂ ਨਜ਼ਰਾਂ ਪ੍ਰਸ਼ਾਸਨ ਦੀ ਕਾਰਵਾਈ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਹਤ ’ਤੇ ਟਿਕੀਆਂ ਹੋਈਆਂ ਹਨ।