- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਲੀਲਾ ਦੀ ਸੱਤਵੀਂ ਰਾਤ ਲਕਸ਼ਮਣ ਨੇ ਵੱਢਿਆ ਸਰੂਪਨਖਾ ਦਾ ਨੱਕ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਸ਼੍ਰੀ ਰਾਮਾ ਕਿ੍ਰਸ਼ਨਾ ਡਰਾਮਾਟਿਕ ਕਲੱਬ (ਰਜਿ:) ਜੈਤੋ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਸੱਤਵੀਂ ਰਾਤ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਭਰਪੂਰ ਰਹੀ। ਬੀਤੀ ਰਾਤ ਦੇ ਸਮਾਗਮ ਵਿੱਚ ਸੰਜੀਵ ਕੁਮਾਰ ਮਿੱਤਲ ਆਪਣੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਗਣੇਸ਼ ਵੰਦਨਾ ਅਤੇ ਮਾਤਾ ਸਰਸਵਤੀ ਦੀ ਅਰਾਧਨਾ ਨਾਲ ਰਾਮਲੀਲਾ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕਮੇਟੀ ਵੱਲੋਂ ਸੰਜੀਵ ਕੁਮਾਰ ਮਿੱਤਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁੰਦਰ ਰਾਮ ਦਰਬਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਾਮਲੀਲਾ ਦੀ ਸੱਤਵੀਂ ਰਾਤ ਦੌਰਾਨ ਰਾਮਾਇਣ ਦੇ ਪ੍ਰਸਿੱਧ ਪ੍ਰਸੰਗ ਸਰੂਪਨਖਾ ਦੇ ਨੱਕ ਵੱਢਣ ਅਤੇ ਖਰ-ਦੂਸ਼ਣ ਦੇ ਵਧ ਦਾ ਬਹੁਤ ਹੀ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਦਿਖਾਏ ਗਏ ਦ੍ਰਿਸ਼ ਅਨੁਸਾਰ ਪ੍ਰਭੂ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਕਸ਼ਮਣ ਜੰਗਲ ਵਿੱਚ ਬਿਰਾਜਮਾਨ ਹੁੰਦੇ ਹਨ ਕਿ ਇਸੇ ਦੌਰਾਨ ਲੰਕਾਪਤੀ ਰਾਵਣ ਦੀ ਭੈਣ ਸਰੂਪਨਖਾ ਉੱਥੇ ਪਹੁੰਚ ਜਾਂਦੀ ਹੈ। ਉਹ ਪਹਿਲਾਂ ਪ੍ਰਭੂ ਰਾਮ ਚੰਦਰ ਜੀ ਅਤੇ ਫਿਰ ਲਕਸ਼ਮਣ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਯਤਨ ਕਰਦੀ ਹੈ। ਜਦੋਂ ਉਸ ਦੀਆਂ ਹਰਕਤਾਂ ਕਾਰਨ ਸਥਿਤੀ ਗੰਭੀਰ ਹੋ ਜਾਂਦੀ ਹੈ, ਤਾਂ ਲਕਸ਼ਮਣ ਉਸ ਦਾ ਨੱਕ ਵੱਢ ਦਿੰਦੇ ਹਨ। ਇਸ ਦ੍ਰਿਸ਼ ਨੂੰ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਬਹੁਤ ਹੀ ਜੀਵੰਤ ਢੰਗ ਨਾਲ ਪੇਸ਼ ਕੀਤਾ। ਇਸ ਘਟਨਾ ਤੋਂ ਬਾਅਦ ਸਰੂਪਨਖਾ ਲਹੂ-ਲੁਹਾਨ ਹਾਲਤ ਵਿੱਚ ਆਪਣੇ ਭਰਾਵਾਂ ਖਰ ਅਤੇ ਦੂਸ਼ਣ ਕੋਲ ਪਹੁੰਚਦੀ ਹੈ ਅਤੇ ਉਨ੍ਹਾਂ ਨੂੰ ਪ੍ਰਭੂ ਰਾਮ ਚੰਦਰ ਜੀ ਤੇ ਲਕਸ਼ਮਣ ਵਿਰੁੱਧ ਯੁੱਧ ਕਰਨ ਲਈ ਉਕਸਾਉਂਦੀ ਹੈ। ਇਸ ਉਪਰੰਤ ਖਰ ਅਤੇ ਦੂਸ਼ਣ ਆਪਣੀ ਸੈਨਾ ਸਮੇਤ ਯੁੱਧ ਕਰਨ ਪਹੁੰਚਦੇ ਹਨ, ਪਰ ਅੰਤ ਵਿੱਚ ਪ੍ਰਭੂ ਰਾਮ ਚੰਦਰ ਜੀ ਦੇ ਹੱਥੋਂ ਮਾਰੇ ਜਾਂਦੇ ਹਨ। ਇਸ ਪ੍ਰਸੰਗ ਰਾਹੀਂ ਬੁਰਾਈ ਦੇ ਅੰਤ ਅਤੇ ਧਰਮ ਦੀ ਜਿੱਤ ਦਾ ਸੁਨੇਹਾ ਦਿੱਤਾ ਗਿਆ। ਇਸ ਤੋਂ ਇਲਾਵਾ ਜਟਾਯੂ ਦਾ ਦ੍ਰਿਸ਼ ਵੀ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਵਿੱਚ ਜਟਾਯੂ ਦੀ ਭੂਮਿਕਾ ਕਲੱਬ ਦੇ ਕਲਾਕਾਰ ਜੀਵਨ ਸਿੰਘ ਨੇ ਨਿਭਾਈ। ਸਰੂਪਨਖਾ ਦੀ ਮੰਚ ’ਤੇ ਆਮਦ ਦੌਰਾਨ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਕਲਾਕਾਰ ਲੱਕੀ ਬਰਨਾਲਾ ਦੀ ਹੌਸਲਾ ਅਫ਼ਜ਼ਾਈ ਕੀਤੀ। ਉਸ ਦੀ ਪ੍ਰਭਾਵਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਅਤੇ ਪੂਰਾ ਮਾਹੌਲ ਉਤਸ਼ਾਹ ਨਾਲ ਭਰ ਦਿੱਤਾ। ਰਾਮਲੀਲਾ ਵਿੱਚ ਪ੍ਰਭੂ ਰਾਮ ਚੰਦਰ ਜੀ ਦੀ ਭੂਮਿਕਾ ਹਰਸ਼ ਲੂੰਬਾ, ਲਕਸ਼ਮਣ ਦੀ ਅੰਕੁਰ ਕੁਮਾਰ ਅਤੇ ਮਾਤਾ ਸੀਤਾ ਦੀ ਭੂਮਿਕਾ ਵਿਜੇ ਲੂੰਬਾ ਨੇ ਨਿਭਾਈ। ਇਸੇ ਤਰ੍ਹਾਂ ਖਰ ਅਤੇ ਦੂਸ਼ਣ ਦੇ ਕਿਰਦਾਰ ਵਿਪਨ ਅਰੋੜਾ ਅਤੇ ਆਸ਼ੀਸ਼ ਗਰਗ ਨੇ ਨਿਭਾਏ, ਜਦਕਿ ਸਰੂਪਨਖਾ ਦੀ ਭੂਮਿਕਾ ਲੱਕੀ ਬਰਨਾਲਾ ਵੱਲੋਂ ਬਾਖ਼ੂਬੀ ਨਿਭਾਈ ਗਈ। ਸਾਰੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਪਾਤਰਾਂ ਨੂੰ ਜੀਵੰਤ ਕਰਨ ਦਾ ਯਤਨ ਕੀਤਾ। ਰਾਮਲੀਲਾ ਦਾ ਸੰਗੀਤ ਨਿਰਦੇਸ਼ਨ ਰਾਮ ਅਵਤਾਰ ਵਰਮਾ ਅਤੇ ਸੋਨੂੰ ਵਰਮਾ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਨੇ ਮੰਚਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ। ਇਸ ਮੌਕੇ ਆਰਤੀ ਦੌਰਾਨ ਕਲੱਬ ਦੇ ਮੈਂਬਰਾਂ ਈਸ਼ਵਰ ਜਿੰਦਲ ਈਸ਼ੂ, ਨਰੇਸ਼ ਮਿੱਤਲ, ਨਵਲ ਜੈਨ, ਸੋਨੂੰ ਸੂਰੀ, ਮਾਣਕ ਸ਼ਾਹ, ਪਾਲਾ ਰਾਵਣ, ਨਿੰਦੀ ਸ਼ਰਮਾ, ਅਨਿਲ ਮਿੱਤਲ, ਨਰੇਸ਼ ਸ਼ਿਵਾ, ਪੰਕਜ ਜਿੰਦਲ, ਬਿੰਦੂ ਸਦਿਓੜਾ, ਅਸ਼ੋਕ ਗਰਗ, ਟੋਨੀ ਡੋਡ, ਅਮਿਤ ਵਰਮਾ ਟੋਨੀ, ਦਰਸ਼ਨ ਚੌਧਰੀ, ਮਹਾਂਵੀਰ ਜਾਰੀਵਾਲ, ਰਾਜੇਸ਼ ਬੱਬੂ ਅਤੇ ਸਮਰਾਟ ਸ਼ੰਕਰ ਨੇ ਸ਼ਮੂਲੀਅਤ ਕੀਤੀ। ਕਲਾਕਾਰਾਂ ਲਈ ਲੋੜੀਂਦੀਆਂ ਵਰਦੀਆਂ ਮੁਹੱਈਆ ਕਰਵਾਉਣ ਦੀ ਸੇਵਾ ਟਿੰਕੂ ਢੱਲਾ, ਗਣੇਸ਼ ਗੋਇਲ ਡੋਲਾ ਅਤੇ ਮਨੀ ਗੋਇਲ ਵੱਲੋਂ ਨਿਭਾਈ ਜਾ ਰਹੀ ਹੈ। ਅੰਤ ਵਿੱਚ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਪ੍ਰਧਾਨ ਸੰਦੀਪ ਪਾਟਿਲ ਟੋਨੀ ਅਤੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਪੱਤਰਕਾਰਾਂ ਅਤੇ ਮੰਡੀ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਮਲੀਲਾ ਰਾਹੀਂ ਭਗਵਾਨ ਰਾਮ ਦੇ ਜੀਵਨ ਅਤੇ ਰਾਮਾਇਣ ਦੇ ਪ੍ਰਸੰਗਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।