- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਦੇ ਐੱਚ.ਐੱਸ.ਐੱਨ. ਸਕੂਲ ਆਫ਼ ਐਮੀਨੈਂਸ ਵਿਖੇ ਜਨਗਣਨਾ ਸਬੰਧੀ ਸਿਖਲਾਈ ਜਾਰੀ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦੀ ਅਪੀਲ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਭਾਰਤ ਸਰਕਾਰ ਵੱਲੋਂ ਜਨਗਣਨਾ-2027 ਦੇ ਕਾਰਜ ਨੂੰ ਸੁਚੱਜੇ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮਹੱਤਵਪੂਰਨ ਕਾਰਜ ਦੀ ਸਫ਼ਲਤਾ ਲਈ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਤਕਨੀਕੀ ਸਹੂਲਤਾਂ ਅਤੇ ਪ੍ਰਸ਼ਾਸਨਿਕ ਤਿਆਰੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਪੰਕਜ ਕੁਮਾਰ ਨੇ ਐੱਚ.ਐੱਸ.ਐੱਨ. ਸਕੂਲ ਆਫ਼ ਐਮੀਨੈਂਸ, ਜੈਤੋ ਵਿਖੇ ਜਨਗਣਨਾ-2027 ਸਬੰਧੀ ਚੱਲ ਰਹੀ ਸਿਖਲਾਈ ਦੌਰਾਨ ਕੀਤਾ। ਸ੍ਰੀ ਪੰਕਜ ਕੁਮਾਰ ਨੇ ਕਿਹਾ ਕਿ ਜਨਗਣਨਾ ਦੇਸ਼ ਦੀ ਵਿਕਾਸ ਯੋਜਨਾਬੰਦੀ ਦਾ ਇੱਕ ਅਹਿਮ ਆਧਾਰ ਹੈ। ਇਸ ਪ੍ਰਕਿਰਿਆ ਰਾਹੀਂ ਪ੍ਰਾਪਤ ਹੋਣ ਵਾਲੇ ਅੰਕੜੇ ਦੇਸ਼ ਦੀ ਆਬਾਦੀ, ਪਰਿਵਾਰਾਂ ਦੀ ਸਥਿਤੀ ਅਤੇ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਨੂੰ ਸਮਝਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਸਿੱਖਿਆ, ਸਿਹਤ, ਰੁਜ਼ਗਾਰ, ਰਿਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਯੋਜਨਾਵਾਂ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਜਨਗਣਨਾ ਦੇ ਹਰ ਪੜਾਅ ਨੂੰ ਪੂਰੀ ਗੰਭੀਰਤਾ, ਸਾਵਧਾਨੀ ਅਤੇ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਸਿਖਲਾਈ ਦੀ ਅਹਿਮ ਭੂਮਿਕਾ ਹੈ। ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੌਰਾਨ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਨੂੰ ਧਿਆਨ ਨਾਲ ਸਮਝਣਾ ਚਾਹੀਦਾ ਹੈ, ਤਾਂ ਜੋ ਮੈਦਾਨੀ ਪੱਧਰ ’ਤੇ ਕੰਮ ਕਰਦਿਆਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ੋਰ ਦਿੱਤਾ ਕਿ ਹਰ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਪੂਰੀ ਜਵਾਬਦੇਹੀ ਨਾਲ ਨਿਭਾਵੇ ਅਤੇ ਅੰਕੜੇ ਇਕੱਠੇ ਕਰਨ ਸਮੇਂ ਉਨ੍ਹਾਂ ਦੀ ਸ਼ੁੱਧਤਾ ਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਏ। ਜ਼ਿਲ੍ਹਾ ਕੋਆਰਡੀਨੇਟਰ ਨੇ ਇਹ ਵੀ ਕਿਹਾ ਕਿ ਆਧੁਨਿਕ ਤਕਨੀਕ ਦੀ ਸੁਚੱਜੀ ਵਰਤੋਂ ਨਾਲ ਜਨਗਣਨਾ ਦੇ ਕੰਮ ਨੂੰ ਵਧੇਰੇ ਸੁਖਾਲੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਦੇ ਨਾਲ ਹੀ ਨਿਰਧਾਰਤ ਨਿਯਮਾਂ ਦੀ ਪਾਲਣਾ, ਜਾਣਕਾਰੀ ਦੀ ਗੁਪਤਤਾ ਕਾਇਮ ਰੱਖਣ ਅਤੇ ਆਮ ਲੋਕਾਂ ਨਾਲ ਸਹਿਯੋਗਪੂਰਨ ਵਿਹਾਰ ਕਰਨ ਨੂੰ ਵੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ, ਸਹੀ ਅਤੇ ਭਰੋਸੇਯੋਗ ਅੰਕੜੇ ਹੀ ਦੇਸ਼ ਦੀਆਂ ਭਵਿੱਖਮੁਖੀ ਵਿਕਾਸ ਯੋਜਨਾਵਾਂ ਅਤੇ ਲੋਕ ਭਲਾਈ ਨਾਲ ਸਬੰਧਤ ਨੀਤੀਆਂ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਸੈਂਸਸ ਚਾਰਜ ਅਫ਼ਸਰ ਕਮ ਤਹਿਸੀਲਦਾਰ ਸ੍ਰੀ ਜੈ ਅਮਨਦੀਪ ਗੋਇਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਜਨਗਣਨਾ ਦੇ ਕਾਰਜ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਸਿਖਲਾਈ, ਆਪਸੀ ਤਾਲਮੇਲ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਫ਼ੀਲਡ ਟ੍ਰੇਨਰ ਸ੍ਰੀ ਅਮੋਲਕ ਸਿੰਘ ਸਿੱਧੂ, ਸ੍ਰੀ ਭੁਪਿੰਦਰ ਦੁੱਗਲ, ਸ੍ਰੀ ਚਰਨਜੀਤ ਸ਼ਰਮਾ ਅਤੇ ਸ੍ਰੀ ਸੁਰਿੰਦਰ ਕੁਮਾਰ, ਤਕਨੀਕੀ ਸਹਾਇਕ ਸ੍ਰੀ ਨਵਦੀਪ ਸਿੰਘ, ਸੈਂਸਸ ਕਲਰਕ ਸ੍ਰੀ ਰਣਜੀਤ ਸਿੰਘ ਖੱਚੜਾਂ, ਸ੍ਰੀ ਪੰਕਜ ਕੁਮਾਰ ਜੈਤੋ, ਸ੍ਰੀ ਗੌਰੀ ਸ਼ੰਕਰ ਅਤੇ ਸ੍ਰੀ ਅਮਨਦੀਪ ਕੁਮਾਰ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।