- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੜ੍ਹਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ. ਦੀ 25 ਮੈਂਬਰੀ ਟੀਮ ਨੇ ਜੋੜੀਆਂ ਨਹਿਰਾਂ ’ਤੇ ਕੀਤੀ ਮੌਕ ਡ੍ਰਿੱਲ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫਰੀਦਕੋਟ: ਹੜ੍ਹਾਂ ਵਰਗੀ ਸੰਭਾਵੀ ਆਫ਼ਤ ਨਾਲ ਨਜਿੱਠਣ ਅਤੇ ਸੰਕਟਕਾਲੀਨ ਸਥਿਤੀਆਂ ਦੌਰਾਨ ਰਾਹਤ ਤੇ ਬਚਾਅ ਕਾਰਜਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀ 25 ਮੈਂਬਰੀ ਟੀਮ ਵੱਲੋਂ ਫਰੀਦਕੋਟ ਦੀਆਂ ਜੋੜੀਆਂ ਨਹਿਰਾਂ ਵਿਖੇ ਮੌਕ ਡ੍ਰਿੱਲ ਕੀਤੀ ਗਈ। ਐਨ.ਡੀ.ਆਰ.ਐਫ. ਦੀ ਅਗਵਾਈ ਹੇਠ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਅਭਿਆਸ ਦੌਰਾਨ ਹੜ੍ਹਾਂ ਦੀ ਸਥਿਤੀ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਫਰੀਦਕੋਟ ਹਰਸ਼ਵੀਰ ਗੋਇਲ ਨੇ ਦੱਸਿਆ ਕਿ ਮੌਕ ਡ੍ਰਿੱਲ ਦੀ ਅਗਵਾਈ ਟੀਮ ਕਮਾਂਡਰ ਇੰਸਪੈਕਟਰ ਵਿਕਰਮ ਨੇ ਕੀਤੀ, ਜਦਕਿ ਸਮੁੱਚੀ ਕਾਰਵਾਈ ਅਸਿਸਟੈਂਟ ਕਮਾਂਡੈਂਟ ਸਰੋਜ ਰਾਣੀ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹੀ ਗਈ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ’ਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ, ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਅੰਜਾਮ ਦੇਣ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਉਣ ਦੀਆਂ ਤਿਆਰੀਆਂ ਨੂੰ ਪਰਖਣਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਮੌਕ ਡ੍ਰਿੱਲਾਂ ਆਫ਼ਤ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਰਾਹੀਂ ਬਚਾਅ ਟੀਮਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਨੂੰ ਹੰਗਾਮੀ ਹਾਲਾਤ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਕਿਸੇ ਵੀ ਸੰਭਾਵੀ ਆਫ਼ਤ ਸਮੇਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ। ਮੌਕ ਡ੍ਰਿੱਲ ਰਾਹੀਂ ਐਨ.ਡੀ.ਆਰ.ਐਫ. ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਕਾਰਜਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰ ਰਹਿਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਡਾ. ਸੁਰਜੀਤ ਸਿੰਘ ਮੱਲ, ਗੁਰਵਿੰਦਰ ਸਿੰਘ ਵਿਰਕ, ਗੁਰਜੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਸ਼ੰਕਰ ਸ਼ਰਮਾ ਅਤੇ ਗੁਰਬਿੰਦਰ ਸਿੰਘ ਸਿੱਖਾਂਵਾਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।