- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਲੀਲਾ ਦੀ ਭਰਤ ਮਿਲਾਪ ਨਾਈਟ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਬੀਤੀ ਰਾਤ ਦੀ ਪੇਸ਼ਕਾਰੀ ‘ਭਰਤ ਮਿਲਾਪ’ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਸ੍ਰੀ ਰਾਮ ਚੰਦਰ ਅਤੇ ਉਨ੍ਹਾਂ ਦੇ ਛੋਟੇ ਭਰਾ ਭਰਤ ਦੇ ਮਿਲਾਪ ਦਾ ਦ੍ਰਿਸ਼ ਪੇਸ਼ਕਾਰੀ ਦਾ ਮੁੱਖ ਆਕਰਸ਼ਣ ਰਿਹਾ। ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਰਾਹੀਂ ਭਰਾਵਾਂ ਦੇ ਪਿਆਰ, ਤਿਆਗ, ਸਤਿਕਾਰ ਅਤੇ ਪਰਿਵਾਰਕ ਸਾਂਝ ਦੀਆਂ ਭਾਵਨਾਵਾਂ ਨੂੰ ਅਜਿਹੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਕਿ ਪੰਡਾਲ ਵਿੱਚ ਬੈਠੇ ਕਈ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਕਲੱਬ ਦੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਇਸ ਮੌਕੇ ਸੁਰਜੀਤ ਡੇਅਰੀ ਵਾਲੇ ਅਤੇ ਉਨ੍ਹਾਂ ਦਾ ਪਰਿਵਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਲੱਬ ਵੱਲੋਂ ਮੁੱਖ ਮਹਿਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ੍ਰੀ ਰਾਮ ਦਰਬਾਰ ਦੀ ਸੁੰਦਰ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਾਮਲੀਲਾ ਦੇ ਮੰਚਨ ਦੌਰਾਨ ਕਲਾਕਾਰਾਂ ਨੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਭਰਤ ਦੀ ਭਰਾਤਰੀ ਭਾਵਨਾ ਅਤੇ ਪਰਿਵਾਰ ਪ੍ਰਤੀ ਸਮਰਪਣ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਰਾਮਾਇਣ ਦੇ ਇਸ ਭਾਵੁਕ ਪ੍ਰਸੰਗ ਵਿੱਚ ਇੱਕ ਪਾਸੇ ਪਿਤਾ ਦੇ ਬਚਨਾਂ ਦੀ ਮਰਿਆਦਾ ਨਿਭਾਉਂਦੇ ਹੋਏ ਸ੍ਰੀ ਰਾਮ ਦਾ ਬਨਵਾਸ ਅਤੇ ਦੂਜੇ ਪਾਸੇ ਵੱਡੇ ਭਰਾ ਪ੍ਰਤੀ ਭਰਤ ਦਾ ਅਥਾਹ ਪਿਆਰ ਦਰਸਾਇਆ ਗਿਆ। ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਰਾਵਾਂ ਦੇ ਪਵਿੱਤਰ ਰਿਸ਼ਤੇ ਅਤੇ ਪਰਿਵਾਰਕ ਏਕਤਾ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ। ਰਾਮਲੀਲਾ ਵਿੱਚ ਸ੍ਰੀ ਰਾਮ ਚੰਦਰ ਦਾ ਕਿਰਦਾਰ ਹਰਸ਼ ਲੂੰਬਾ, ਭਰਤ ਦਾ ਸੋਨੂੰ ਸੂਰੀ, ਲਕਸ਼ਮਣ ਦਾ ਅੰਕੁਰ ਗਰਗ ਅਤੇ ਸ਼ਤਰੂਘਨ ਦਾ ਕਿਰਦਾਰ ਦਿਪਤਾਂਸ਼ੁ ਗੋਇਲ ਨੇ ਨਿਭਾਇਆ। ਇਸੇ ਤਰ੍ਹਾਂ ਗਣਪਤੀ ਦੀ ਭੂਮਿਕਾ ਦਕਸ਼ ਗਰਗ, ਮਾਤਾ ਸਰਸਵਤੀ ਦੀ ਚਾਹਤ ਗੋਇਲ, ਕੌਸ਼ਲਿਆ ਦੀ ਵਿਜੇ ਲੂੰਬਾ, ਕੈਕਈ ਦੀ ਅਮਨ ਕੁਮਾਰ ਅਤੇ ਸੁਮਿੱਤਰਾ ਦੀ ਭੂਮਿਕਾ ਰਾਨੂੰ ਅਗਰਵਾਲ ਨੇ ਨਿਭਾਈ। ਸੀਤਾ ਦਾ ਕਿਰਦਾਰ ਇੱਕ ਬਾਲ ਕਲਾਕਾਰ ਵੱਲੋਂ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਰਾਜਾ ਦੀ ਭੂਮਿਕਾ ਵਿੱਚ ਕੇਕੇ ਮਾਣਕ ਸ਼ਾਹ, ਵਿਕਾਸ ਗਰਗ ਘੋਟਾ, ਸਮਰਾਟ ਸ਼ੰਕਰ, ਟਿੰਕੂ ਢੱਲਾ ਅਤੇ ਗਣੇਸ਼ ਟੋਲਾ ਸਮੇਤ ਹੋਰ ਕਲਾਕਾਰਾਂ ਨੇ ਵੀ ਆਪਣੀ ਅਦਾਕਾਰੀ ਨਾਲ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਣਾਇਆ। ਜੰਗਲੀ ਦ੍ਰਿਸ਼ ਨੂੰ ਕਕੋਲਾ, ਵੀਰੂ ਸਿੰਘ, ਆਸ਼ੀਸ਼ ਗਰਗ ਬਰਗਾੜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਾਖੂਬੀ ਪੇਸ਼ ਕੀਤਾ। ਰਾਮਲੀਲਾ ਦੀ ਪ੍ਰਾਰਥਨਾ ਦੌਰਾਨ ਦਰਸ਼ਨ ਚੌਧਰੀ, ਸੁਨੀਲ ਗਰਗ ਫੈਟੀ, ਭੋਲਾ ਗਰਗ, ਨਰੇਸ਼ ਸ਼ਿਵਾ, ਨਰੇਸ਼ ਮਿੱਤਲ, ਨਵਲ ਜੈਨ, ਅਸ਼ੋਕ ਗਰਗ, ਅਨਿਲ ਮਿੱਤਲ, ਮਹਾਵੀਰ ਜਾਰੀਵਾਲ, ਟੋਨੀ ਡੋਡ, ਪਾਲਾ ਸਿੰਘ ਅਤੇ ਡਗਰਕਾਂਤ ਸ਼ਰਮਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਰਹੇ। ਕਲੱਬ ਦੀ ਸੰਗੀਤ ਸੇਵਾ ਰਾਮ ਅਵਤਾਰ ਵਰਮਾ ਅਤੇ ਸੋਨੂੰ ਵਰਮਾ ਵੱਲੋਂ ਨਿਭਾਈ ਗਈ। ਉਨ੍ਹਾਂ ਦੇ ਸੰਗੀਤ ਨੇ ਮੰਚਨ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ। ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਚੇਅਰਮੈਨ ਸਤੀਸ਼ ਕੁਮਾਰ ਭੀਰੀ ਅਤੇ ਪ੍ਰਧਾਨ ਸੰਦੀਪ ਪਾਟਿਲ ਟੋਨੀ ਨੇ ਰਾਮਲੀਲਾ ਦੇ ਸਫ਼ਲ ਆਯੋਜਨ ਵਿੱਚ ਸਹਿਯੋਗ ਦੇਣ ਵਾਲੇ ਪੱਤਰਕਾਰ ਸਾਥੀਆਂ, ਪੰਜਾਬ ਪੁਲਿਸ, ਪੰਜਾਬ ਮਹਾਂਵੀਰ ਦਲ, ਮਾਤਾ ਵੈਸ਼ਨੋ ਦੇਵੀ ਸੇਵਾ ਦਲ, ਛਿਨਮਸਤਿਕਾ ਲੰਗਰ ਕਮੇਟੀ ਅਤੇ ਜੈ ਭੋਲੇ ਡਾਕ ਕਾਵੜ ਸੰਘ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਅਤੇ ਸੇਵਾਦਾਰਾਂ ਦਾ ਸਹਿਯੋਗ ਸ਼ਲਾਘਾਯੋਗ ਹੈ ਅਤੇ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਰਾਮਲੀਲਾ ਦਾ ਆਯੋਜਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਰਾਮਲੀਲਾ ਦੇਖਣ ਆਉਣ ਵਾਲੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਮਲੀਲਾ ਸਿਰਫ਼ ਧਾਰਮਿਕ ਮੰਚਨ ਹੀ ਨਹੀਂ, ਸਗੋਂ ਸਾਡੀ ਸੰਸਕ੍ਰਿਤੀ, ਮਰਿਆਦਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਅਹਿਮ ਸਾਧਨ ਵੀ ਹੈ। ਭਰਤ ਮਿਲਾਪ ਦੀ ਇਸ ਪੇਸ਼ਕਾਰੀ ਨੇ ਦਰਸ਼ਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ ਅਤੇ ਭਰਾਵਾਂ ਦੇ ਪਿਆਰ, ਤਿਆਗ ਤੇ ਸਤਿਕਾਰ ਦੇ ਸੰਦੇਸ਼ ਨੂੰ ਮੁੜ ਉਜਾਗਰ ਕੀਤਾ।