ਦੇਸ਼ ਦੇ ਭਵਿੱਖਮੁਖੀ ਵਿਕਾਸ ਲਈ ਜਨਗਣਨਾ ਦੇ ਅੰਕੜੇ ਅਹਿਮ : ਅਮਨਦੀਪ ਗੋਇਲ ਦੇਸ਼ ਦੇ ਭਵਿੱਖਮੁਖੀ ਵਿਕਾਸ ਲਈ ਜਨਗਣਨਾ ਦੇ ਅੰਕੜੇ ਅਹਿਮ: ਅਮਨਦੀਪ ਗੋਇਲ
Publish Date: Wed, 14 Oct 2026 04:15 PM (IST)
Updated Date: Wed, 14 Oct 2026 04:18 PM (IST)
ਜਨਗਣਨਾ ਦੇ ਦੂਜੇ ਪੜਾਅ ਸਬੰਧੀ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੂੰ ਦਿੱਤੀ ਸਿਖਲਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ: ਜਨਗਣਨਾ ਕਿਸੇ ਵੀ ਦੇਸ਼ ਦੇ ਭਵਿੱਖਮੁਖੀ ਵਿਕਾਸ ਦੀ ਮਜ਼ਬੂਤ ਨੀਂਹ ਹੈ। ਇਸ ਰਾਹੀਂ ਇਕੱਤਰ ਕੀਤੇ ਜਾਣ ਵਾਲੇ ਅੰਕੜੇ ਵਿਕਾਸ ਯੋਜਨਾਵਾਂ ਤਿਆਰ ਕਰਨ, ਸਰਕਾਰੀ ਸਹੂਲਤਾਂ ਦੀ ਸੁਚੱਜੀ ਵੰਡ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਨੀਤੀਆਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਪ੍ਰਗਟਾਵਾ ਸੈਂਸਸ ਚਾਰਜ ਅਫ਼ਸਰ-ਕਮ-ਤਹਿਸੀਲਦਾਰ ਜੈਤੋ ਜੈ ਅਮਨਦੀਪ ਗੋਇਲ ਨੇ ਐੱਚ.ਐੱਸ.ਐੱਨ. ਸਕੂਲ ਆਫ਼ ਐਮੀਨੈਂਸ (ਲੜਕੇ), ਜੈਤੋ ਵਿਖੇ ਜਨਗਣਨਾ ਦੇ ਦੂਜੇ ਪੜਾਅ ਸਬੰਧੀ ਚੱਲ ਰਹੀ ਸਿਖਲਾਈ ਦੌਰਾਨ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੈ ਅਮਨਦੀਪ ਗੋਇਲ ਨੇ ਕਿਹਾ ਕਿ ਜਨਗਣਨਾ ਸਿਰਫ਼ ਆਬਾਦੀ ਦੀ ਗਿਣਤੀ ਕਰਨ ਤੱਕ ਸੀਮਤ ਨਹੀਂ, ਸਗੋਂ ਇਹ ਦੇਸ਼ ਦੀ ਸਮਾਜਿਕ, ਆਰਥਿਕ ਅਤੇ ਜਨਸੰਖਿਆ ਸਬੰਧੀ ਸਥਿਤੀ ਨੂੰ ਸਮਝਣ ਦਾ ਇੱਕ ਮਹੱਤਵਪੂਰਨ ਸਾਧਨ ਹੈ। ਜਨਗਣਨਾ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਸਿੱਖਿਆ, ਸਿਹਤ ਸੇਵਾਵਾਂ, ਰੁਜ਼ਗਾਰ, ਰਿਹਾਇਸ਼, ਆਵਾਜਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਯੋਜਨਾਬੰਦੀ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਰਕਾਰ ਨੂੰ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਦਾ ਮੁਲਾਂਕਣ ਕਰਕੇ ਸਰੋਤਾਂ ਦੀ ਢੁੱਕਵੀਂ ਵਰਤੋਂ ਕਰਨ ਵਿੱਚ ਸਹੂਲਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਭੂਮਿਕਾ ਬੇਹੱਦ ਅਹਿਮ ਹੈ। ਇਸ ਲਈ ਸਾਰੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਸਿਖਲਾਈ ਦੌਰਾਨ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਨੂੰ ਧਿਆਨ ਨਾਲ ਸਮਝਦਿਆਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜਨਗਣਨਾ ਦੌਰਾਨ ਸਹੀ ਜਾਣਕਾਰੀ ਇਕੱਤਰ ਕਰਨ, ਅੰਕੜਿਆਂ ਦੀ ਸ਼ੁੱਧਤਾ ਬਣਾਈ ਰੱਖਣ, ਨਿਰਪੱਖਤਾ ਨਾਲ ਜ਼ਿੰਮੇਵਾਰੀ ਨਿਭਾਉਣ, ਸਮੇਂ ਦੀ ਪਾਬੰਦੀ ਕਰਨ ਅਤੇ ਨਾਗਰਿਕਾਂ ਵੱਲੋਂ ਦਿੱਤੀ ਜਾਣਕਾਰੀ ਦੀ ਗੁਪਤਤਾ ਯਕੀਨੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਜਨਗਣਨਾ ਦੇ ਭਰੋਸੇਯੋਗ ਅੰਕੜੇ ਪਿੰਡਾਂ ਅਤੇ ਸ਼ਹਿਰਾਂ ਦੇ ਸੰਤੁਲਿਤ ਵਿਕਾਸ, ਸਰਕਾਰੀ ਸਰੋਤਾਂ ਦੀ ਬਿਹਤਰ ਵਰਤੋਂ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਹਾਇਕ ਸਿੱਧ ਹੁੰਦੇ ਹਨ। ਇਸ ਲਈ ਜਨਗਣਨਾ ਦੀ ਸਮੁੱਚੀ ਪ੍ਰਕਿਰਿਆ ਨੂੰ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਸਮਰਪਣ ਦੀ ਭਾਵਨਾ ਨਾਲ ਮੁਕੰਮਲ ਕਰਨਾ ਹਰੇਕ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਦਾ ਫ਼ਰਜ਼ ਹੈ। ਇਸ ਮੌਕੇ ਫ਼ੀਲਡ ਟ੍ਰੇਨਰ ਅਮੋਲਕ ਸਿੰਘ ਸਿੱਧੂ, ਭੁਪਿੰਦਰ ਦੁੱਗਲ, ਚਰਨਜੀਤ ਸ਼ਰਮਾ ਅਤੇ ਸੁਰਿੰਦਰ ਕੁਮਾਰ, ਟੈਕਨੀਕਲ ਸਹਾਇਕ ਨਵਦੀਪ ਸਿੰਘ, ਸੈਂਸਸ ਕਲਰਕ ਰਣਜੀਤ ਸਿੰਘ ਖੱਚੜਾਂ, ਗੌਰੀ ਸ਼ੰਕਰ ਅਤੇ ਅਮਨਦੀਪ ਕੁਮਾਰ ਸਮੇਤ ਹੋਰ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।