- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਜੈਤੋ ਵਿੱਚ ਬੀਬੀਆਂ ਦੇ ਇਕੱਠ ਨੇ ਅਕਾਲੀ ਦਲ ਦੀ ਜਿੱਤ ਦਾ ਇਸ਼ਾਰਾ ਦਿੱਤਾ : ਜੱਗਾ ਸੰਧੂ ਚੈਨਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜੈਤੋ : ਸ਼੍ਰੋਮਣੀ ਅਕਾਲੀ ਦਲ ਦੇ ਚੰਦਭਾਨ ਸਰਕਲ ਦੇ ਯੂਥ ਪ੍ਰਧਾਨ ਜੱਗਾ ਸੰਧੂ ਚੈਨਾ ਨੇ ਕਿਹਾ ਕਿ 10 ਅਕਤੂਬਰ ਨੂੰ ਹਲਕਾ ਜੈਤੋ ਵਿਖੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਕਰਵਾਏ ਗਏ ਪ੍ਰੋਗਰਾਮ ਦੌਰਾਨ ਬੀਬੀਆਂ ਦੀ ਵੱਡੀ ਸ਼ਮੂਲੀਅਤ ਨੇ ਪਾਰਟੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਇਕੱਠ ਨੇ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਅਤੇ ਜਥੇਬੰਦਕ ਪੱਧਰ ’ਤੇ ਹੋ ਰਹੇ ਯਤਨਾਂ ਨੂੰ ਉਜਾਗਰ ਕੀਤਾ ਹੈ। ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ, ਜੈਤੋ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਔਰਤਾਂ ਦਾ ਇਕੱਠ ਕੀਤਾ ਗਿਆ ਸੀ। ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੀ ਸਮੱਸਿਆ ਵਿਰੁੱਧ ਸਮਾਜਿਕ ਪੱਧਰ ’ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਮਾਗਮ ਵਿੱਚ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਸਮੇਤ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ। ਜੱਗਾ ਸੰਧੂ ਚੈਨਾ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੇ ਪੰਜਾਬ ਦੇ ਅਨੇਕਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਦੇ ਖ਼ਾਤਮੇ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਅਤੇ ਧੀਆਂ ਆਪਣੇ ਪਰਿਵਾਰਾਂ ਤੇ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੈਤੋ ਵਿਖੇ ਹੋਏ ਇਕੱਠ ਵਿੱਚ ਬੀਬੀਆਂ ਦੀ ਸ਼ਮੂਲੀਅਤ ਪਾਰਟੀ ਵਰਕਰਾਂ ਲਈ ਹੌਸਲਾ ਵਧਾਉਣ ਵਾਲੀ ਰਹੀ ਹੈ। ਉਨ੍ਹਾਂ ਅਨੁਸਾਰ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਪੱਧਰ ’ਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੀ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜੱਗਾ ਸੰਧੂ ਚੈਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਲਕੇ ਵਿੱਚ ਲੋਕਾਂ ਨਾਲ ਸੰਪਰਕ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਦਾ ਕਹਿਣਾ ਸੀ ਕਿ 10 ਅਕਤੂਬਰ ਦੇ ਪ੍ਰੋਗਰਾਮ ਵਿੱਚ ਬੀਬੀਆਂ ਦੀ ਸ਼ਮੂਲੀਅਤ ਨੇ ਪਾਰਟੀ ਵਰਕਰਾਂ ਦਾ ਮਨੋਬਲ ਵਧਾਇਆ ਹੈ ਅਤੇ ਉਹ ਇਸ ਨੂੰ ਲੋਕਾਂ ਨਾਲ ਜੁੜਨ ਦੇ ਯਤਨਾਂ ਵਜੋਂ ਦੇਖਦੇ ਹਨ।