- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖ਼ਰੀਦ ’ਤੇ ਪ੍ਰਸ਼ਾਸਨ ਦੀ ਸਖ਼ਤੀ, ਫ਼ਰੀਦਕੋਟ ਜ਼ਿਲ੍ਹੇ ਦੀਆਂ ਮੰਡੀਆਂ ਲਈ 11 ਨੋਡਲ ਅਫ਼ਸਰ ਤਾਇਨਾਤ

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ, ਇਸ ਲਈ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਚਾਬਾ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਦੀ ਨਿਗਰਾਨੀ ਲਈ 11 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਖ਼ਰੀਦ ਕਾਰਜਾਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਰੋਜ਼ਾਨਾ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦ ਪ੍ਰਬੰਧਾਂ ਦੀ ਨਿਗਰਾਨੀ ਲਈ ਹਰ ਰੋਜ਼ ਸਵੇਰੇ 9.30 ਵਜੇ ਸਮੂਹ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਅਤੇ ਨਿਯੁਕਤ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਹ ਮੀਟਿੰਗ ਛੁੱਟੀ ਵਾਲੇ ਦਿਨ ਵੀ ਜਾਰੀ ਰਹੇਗੀ, ਤਾਂ ਜੋ ਖ਼ਰੀਦ ਪ੍ਰਕਿਰਿਆ ਦੀ ਨਿਰੰਤਰ ਸਮੀਖਿਆ ਕੀਤੀ ਜਾ ਸਕੇ ਅਤੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ। ਪ੍ਰਸ਼ਾਸਨ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਗੋਇਲ ਨੂੰ ਮੁੱਖ ਮੰਡੀ ਸਾਦਿਕ ਸਮੇਤ ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ ਦੀਆਂ ਮੰਡੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐੱਸ.ਡੀ.ਐੱਮ. ਫ਼ਰੀਦਕੋਟ ਪੁਨੀਤ ਸ਼ਰਮਾ ਮੁੱਖ ਮੰਡੀ ਫ਼ਰੀਦਕੋਟ ਤੋਂ ਇਲਾਵਾ ਮਚਾਕੀ ਕਲਾਂ, ਮਹਿਮੂਆਣਾ, ਮਚਾਕੀ ਮੱਲ ਸਿੰਘ, ਬੀੜ੍ਹ ਚਾਹਲ, ਪੱਕਾ ਅਤੇ ਭਾਗਥਲਾ ਕਲਾਂ ਦੀ ਨਿਗਰਾਨੀ ਕਰਨਗੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਦੀਪ ਮਲਹੋਤਰਾ ਨੂੰ ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਪੱਖੀ ਕਲਾਂ, ਅਰਾਈਆਂਵਾਲਾ ਕਲਾਂ, ਹਰਦਿਆਲੇਆਣਾ, ਘੁਗਿਆਣਾ ਅਤੇ ਡੋਡ (ਸਾਦਿਕ) ਦੀਆਂ ਮੰਡੀਆਂ ਸੌਂਪੀਆਂ ਗਈਆਂ ਹਨ। ਐੱਸ.ਡੀ.ਐੱਮ. ਜੈਤੋ ਵਿਕਰਮਜੀਤ ਸਿੰਘ ਜੈਤੋ, ਬਾਜਾਖਾਨਾ, ਬਰਗਾੜ੍ਹੀ, ਡੋਡ, ਚੰਦਭਾਨ, ਚੈਨਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਮੰਡੀਆਂ ਦੀ ਨਿਗਰਾਨੀ ਕਰਨਗੇ। ਐੱਸ.ਡੀ.ਐੱਮ. ਕੋਟਕਪੂਰਾ ਰਜਿੰਦਰ ਸਿੰਘ ਮੁੱਖ ਮੰਡੀ ਕੋਟਕਪੂਰਾ, ਖਾਰਾ, ਵਾੜਾ ਦਰਾਕਾ ਅਤੇ ਹਰੀ ਨੌ ਦੀਆਂ ਮੰਡੀਆਂ ਦੇ ਪ੍ਰਬੰਧ ਦੇਖਣਗੇ। ਤਹਿਸੀਲਦਾਰ ਜੈਤੋ ਅਮਨਦੀਪ ਗੋਇਲ ਨੂੰ ਬਹਿਬਲ ਖੁਰਦ, ਬਹਿਬਲ ਕਲਾਂ, ਗੋਂਦਾਰਾ, ਲੰਬਵਾਲੀ, ਮੱਲਾ ਅਤੇ ਵਾੜਾ ਭਾਈ ਕਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਹਿਸੀਲਦਾਰ ਫ਼ਰੀਦਕੋਟ ਹਰਸ਼ਵੀਰ ਗੋਇਲ ਸੰਗੋ ਰੋਮਾਣਾ, ਕਿਲਾ ਨੌ, ਸੁਖਣਵਾਲਾ, ਸ਼ੇਰ ਸਿੰਘ ਵਾਲਾ, ਚੰਦਬਾਜਾ ਅਤੇ ਰੱਤੀ ਰੋੜ੍ਹੀ ਦੀਆਂ ਮੰਡੀਆਂ ਦੀ ਨਿਗਰਾਨੀ ਕਰਨਗੇ। ਇਸੇ ਤਰ੍ਹਾਂ ਤਹਿਸੀਲਦਾਰ ਕੋਟਕਪੂਰਾ ਪਰਮਿੰਦਰ ਸਿੰਘ ਨੂੰ ਕੋਟਸੁਖੀਆ, ਔਲਖ, ਪੰਜਗਰਾਈ ਕਲਾਂ, ਜਿਊਣਵਾਲਾ ਅਤੇ ਧੂੜਕੋਟ ਦੀਆਂ ਮੰਡੀਆਂ ਦੀ ਡਿਊਟੀ ਸੌਂਪੀ ਗਈ ਹੈ। ਪੰਜਾਬ ਮੰਡੀ ਬੋਰਡ, ਫ਼ਰੀਦਕੋਟ ਦੇ ਕਾਰਜਕਾਰੀ ਇੰਜੀਨੀਅਰ ਇੰਜੀਨੀਅਰ ਜਸਵੀਰ ਸਿੰਘ ਰੋੜ੍ਹੀ ਕਪੂਰਾ, ਗੋਬਿੰਦਗੜ੍ਹ, ਘਣੀਆ, ਖੱਚੜਾਂ, ਕਰੀਰਵਾਲੀ, ਮਢ੍ਹਾਕ, ਦਬੜ੍ਹੀਖਾਨਾ ਅਤੇ ਰੁਮਾਣਾ ਅਜੀਤ ਸਿੰਘ ਦੀਆਂ ਮੰਡੀਆਂ ਦੇ ਪ੍ਰਬੰਧ ਦੇਖਣਗੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੂੰ ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਤੱਖੜਵਾਲਾ ਅਤੇ ਮੱਤਾ ਦੀਆਂ ਮੰਡੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਪੰਚਾਇਤੀ ਰਾਜ ਵਿਭਾਗ ਦੇ ਐੱਸ.ਡੀ.ਓ. ਨਿਖਿਲ ਗੋਇਲ ਢੀਮਾਂਵਾਲੀ, ਮੌੜ ਅਤੇ ਫਿੱਡੇ ਕਲਾਂ ਦੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।