- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਨਸ਼ਾਮ ਦਾਸ ਲੂੰਬਾ ਦੀ ਯਾਦ ਵਿੱਚ ਭਾਵੁਕ ਹੋਈ ਜੈਤੋ ਦੀ ਰਾਮਲੀਲਾ, ਦਸ਼ਰਥ ਦੇ ਵਿਰਲਾਪ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜੈਤੋ : ਜੈਤੋ ਵਿੱਚ ਸ੍ਰੀ ਰਾਮਾ ਕ੍ਰਿਸ਼ਨਾ ਡਰਾਮੈਟਿਕ ਕਲੱਬ (ਰਜਿ.) ਵੱਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਚੌਥੀ ਨਾਈਟ ਧਾਰਮਿਕ ਆਸਥਾ ਦੇ ਨਾਲ-ਨਾਲ ਮਰਹੂਮ ਕਲਾਕਾਰ ਘਨਸ਼ਾਮ ਦਾਸ ਲੂੰਬਾ (ਰੀਠੂ) ਦੀ ਯਾਦ ਨੂੰ ਸਮਰਪਿਤ ਰਹੀ। ਇਸ ਮੌਕੇ ਜਿੱਥੇ ਕਲੱਬ ਵੱਲੋਂ ਲੂੰਬਾ ਪਰਿਵਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਉੱਥੇ ‘ਰਾਮ ਬਨਵਾਸ ਭਾਗ ਪਹਿਲਾ’ ਅਤੇ ‘ਦਸ਼ਰਥ-ਕੈਕਈ ਸੰਵਾਦ’ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਪਿਤਾ-ਪੁੱਤਰ ਦੇ ਪਿਆਰ, ਵਚਨ ਦੀ ਪਾਲਣਾ ਅਤੇ ਤਿਆਗ ਦੀ ਭਾਵਨਾ ਨੂੰ ਬਾਖੂਬੀ ਪੇਸ਼ ਕੀਤਾ। ਨਾਈਟ ਦਾ ਆਗਾਜ਼ ਗਣੇਸ਼ ਵੰਦਨਾ ਅਤੇ ਮਾਤਾ ਸਰਸਵਤੀ ਦੀ ਅਰਾਧਨਾ ਨਾਲ ਹੋਇਆ। ਲੂੰਬਾ ਪਰਿਵਾਰ ਦੇ ਮੈਂਬਰਾਂ ਨੇ ਪੂਜਾ-ਅਰਚਨਾ ਕਰਕੇ ਰਾਮਲੀਲਾ ਦੀ ਸ਼ੁਰੂਆਤ ਕਰਵਾਈ। ਕਲੱਬ ਵੱਲੋਂ ਪਰਿਵਾਰ ਨੂੰ ਭਗਵਾਨ ਸ੍ਰੀ ਰਾਮ ਦਰਬਾਰ ਦੀ ਸੁੰਦਰ ਤਸਵੀਰ ਭੇਟ ਕਰਕੇ ਸਨਮਾਨ ਪ੍ਰਗਟ ਕੀਤਾ ਗਿਆ। ਇਸ ਮੌਕੇ ਬਿਜਲੀ ਬੋਰਡ ਦੇ ਸੇਵਾਮੁਕਤ ਆਰ.ਏ. ਸੁਰਿੰਦਰ ਗਰਗ ਅਤੇ ਉਨ੍ਹਾਂ ਦੀ ਧਰਮ ਪਤਨੀ ਤੇ ਨਗਰ ਕੌਂਸਲਰ ਪਰਵੀਨ ਗਰਗ ਨੇ ਵੀ ਪ੍ਰਭੂ ਸ੍ਰੀ ਰਾਮ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ। ਰਾਮਲੀਲਾ ਦੇ ਮੰਚ ’ਤੇ ਉਸ ਸਮੇਂ ਕਹਾਣੀ ਨੇ ਨਵਾਂ ਮੋੜ ਲਿਆ, ਜਦੋਂ ਮਹਾਰਾਜਾ ਦਸ਼ਰਥ ਵੱਲੋਂ ਸ੍ਰੀ ਰਾਮ ਚੰਦਰ ਜੀ ਨੂੰ ਅਯੁੱਧਿਆ ਦਾ ਰਾਜਾ ਬਣਾਉਣ ਦੀ ਯੋਜਨਾ ਸਾਹਮਣੇ ਆਉਂਦੀ ਹੈ। ਰਾਜਤਿਲਕ ਦੀ ਖ਼ਬਰ ਨਾਲ ਅਯੁੱਧਿਆ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਜਾਂਦਾ ਹੈ, ਪਰ ਦਾਸੀ ਮੰਥਰਾ ਰਾਣੀ ਕੈਕਈ ਦੇ ਮਨ ਵਿੱਚ ਭਰਤ ਦੇ ਭਵਿੱਖ ਨੂੰ ਲੈ ਕੇ ਸ਼ੰਕੇ ਪੈਦਾ ਕਰ ਦਿੰਦੀ ਹੈ। ਮੰਥਰਾ ਦੀਆਂ ਗੱਲਾਂ ਵਿੱਚ ਆ ਕੇ ਰਾਣੀ ਕੈਕਈ ਮਹਾਰਾਜਾ ਦਸ਼ਰਥ ਤੋਂ ਪਹਿਲਾਂ ਮਿਲੇ ਦੋ ਵਰਦਾਨ ਮੰਗ ਲੈਂਦੀ ਹੈ। ਇੱਕ ਵਰਦਾਨ ਰਾਹੀਂ ਭਰਤ ਲਈ ਰਾਜਗੱਦੀ ਅਤੇ ਦੂਜੇ ਰਾਹੀਂ ਸ੍ਰੀ ਰਾਮ ਚੰਦਰ ਜੀ ਲਈ 14 ਸਾਲ ਦਾ ਬਨਵਾਸ ਮੰਗਿਆ ਜਾਂਦਾ ਹੈ। ਰਾਣੀ ਕੈਕਈ ਦੀ ਇਹ ਮੰਗ ਮਹਾਰਾਜਾ ਦਸ਼ਰਥ ਲਈ ਅਸਹਿਣਯੋਗ ਸਦਮਾ ਬਣ ਜਾਂਦੀ ਹੈ। ਪੁੱਤਰ ਦੇ ਵਿਛੋੜੇ ਦੀ ਕਲਪਨਾ ਨਾਲ ਉਨ੍ਹਾਂ ਦਾ ਵਿਰਲਾਪ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਂਦਾ ਹੈ। ਇਸ ਤੋਂ ਬਾਅਦ ਸ੍ਰੀ ਰਾਮ ਚੰਦਰ ਜੀ ਪਿਤਾ ਦੀ ਹਾਲਤ ਜਾਣ ਕੇ ਮਹਿਲ ਪਹੁੰਚਦੇ ਹਨ। ਰਾਣੀ ਕੈਕਈ ਵੱਲੋਂ ਬਨਵਾਸ ਦੀ ਗੱਲ ਦੱਸੇ ਜਾਣ ’ਤੇ ਉਹ ਬਿਨਾਂ ਕਿਸੇ ਵਿਰੋਧ ਦੇ ਪਿਤਾ ਦੇ ਬਚਨਾਂ ਦੀ ਪਾਲਣਾ ਕਰਨ ਦਾ ਫ਼ੈਸਲਾ ਕਰਦੇ ਹਨ। ਸ੍ਰੀ ਰਾਮ ਚੰਦਰ ਜੀ ਦੀ ਸਹਿਜਤਾ ਅਤੇ ਆਗਿਆਕਾਰੀ ਦੇ ਮੁਕਾਬਲੇ ਮਹਾਰਾਜਾ ਦਸ਼ਰਥ ਦੀ ਬੇਵਸੀ ਨੇ ਮੰਚ ’ਤੇ ਅਜਿਹਾ ਭਾਵੁਕ ਮਾਹੌਲ ਸਿਰਜਿਆ ਕਿ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਕਲਾਕਾਰਾਂ ਦੇ ਪ੍ਰਭਾਵਸ਼ਾਲੀ ਸੰਵਾਦਾਂ ਅਤੇ ਅਦਾਕਾਰੀ ਨੇ ਪੇਸ਼ਕਾਰੀ ਨੂੰ ਯਾਦਗਾਰੀ ਬਣਾ ਦਿੱਤਾ। ਚੌਥੀ ਨਾਈਟ ਨੂੰ ਘਨਸ਼ਾਮ ਦਾਸ ਲੂੰਬਾ (ਰੀਠੂ) ਦੀ ਯਾਦ ਨੂੰ ਸਮਰਪਿਤ ਕਰਨਾ ਕਲੱਬ ਵੱਲੋਂ ਆਪਣੇ ਕਲਾਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਂਝ ਤੇ ਸਤਿਕਾਰ ਦਾ ਪ੍ਰਗਟਾਵਾ ਰਿਹਾ। ਇਸ ਮੌਕੇ ਲੂੰਬਾ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਧਾਰਮਿਕ ਮੰਚਨ ਦੇ ਨਾਲ ਮਰਹੂਮ ਕਲਾਕਾਰ ਦੀ ਯਾਦ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ। ਆਰਤੀ ਮੌਕੇ ਰਾਮ ਅਵਤਾਰ ਵਰਮਾ, ਸੋਨੂੰ ਵਰਮਾ, ਮਾਣਕ ਸ਼ਾਹ, ਦਰਸ਼ਨ ਚੌਧਰੀ, ਟੋਨੀ ਡੋਡ, ਸੰਦੀਪ ਗਰਗ ਫੈਟੀ, ਈਸ਼ਵਰ ਜਿੰਦਲ, ਨਰੇਸ਼ ਮਿੱਤਲ, ਕਲੱਬ ਪ੍ਰਧਾਨ ਸੰਦੀਪ ਪਾਟਿਲ ਟੋਨੀ, ਭੋਲਾ ਗਰਗ, ਨਵਲ ਜੈਨ, ਡਗਰ ਕਾਂਤ ਸ਼ਰਮਾ, ਚੇਅਰਮੈਨ ਸਤੀਸ਼ ਕੁਮਾਰ ਭੀਰੀ, ਨਰੇਸ਼ ਸ਼ਿਵਾ, ਨਿੰਦੀ ਸ਼ਰਮਾ, ਸਮਰਾਟ ਸ਼ੰਕਰ, ਜਤਿਨ ਸ਼ਰਮਾ, ਵੀਰੂ ਸਿੰਘ, ਅਨਿਲ ਮਿੱਤਲ, ਆਸ਼ੀਸ਼ ਬਰਗਾੜੀ, ਕਮਲਜੀਤ ਬਿੰਦੂ ਸਦਿਓੜਾ ਅਤੇ ਰਾਣੂ ਅਗਰਵਾਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਵੱਖ-ਵੱਖ ਪਾਤਰਾਂ ਦੀ ਭੂਮਿਕਾ ਵਿੱਚ ਸੋਨੂੰ ਸੂਰੀ ਨੇ ਮਹਾਰਾਜਾ ਦਸ਼ਰਥ, ਵਿਜੇ ਕੁਮਾਰ ਲੂੰਬਾ ਨੇ ਮਾਤਾ ਕੌਸ਼ਲਿਆ, ਤੂਸ਼ਾਲ ਲੂੰਬਾ ਗੋਗੀ ਨੇ ਰਾਣੀ ਕੈਕਈ, ਅਮਨ ਕੁਮਾਰ ਨੇ ਮਾਤਾ ਸੁਮਿੱਤਰਾ, ਹਰਸ਼ ਲੂੰਬਾ ਨੇ ਸ੍ਰੀ ਰਾਮ ਚੰਦਰ ਜੀ, ਨਵੀ ਖਾਂ ਨੇ ਸੀਤਾ, ਅੰਕੁਰ ਗਰਗ ਨੇ ਲਕਸ਼ਮਣ, ਦਿਪਤਾਂਸ਼ੂ ਗੋਇਲ ਨੇ ਭਰਤ, ਤਨਮੇ ਸ਼ਰਮਾ ਨੇ ਸ਼ਤਰੁਘਨ ਅਤੇ ਵਿਕਾਸ ਗਰਗ ਘੋਟਾ ਨੇ ਮੁਨੀ ਵਿਸ਼ਵਾਮਿੱਤਰ ਦਾ ਕਿਰਦਾਰ ਨਿਭਾਇਆ। ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨਾਲ ਨਿਆਂ ਕਰਦਿਆਂ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਕਲਾਕਾਰਾਂ ਦਾ ਮੇਕਅਪ ਕਲੱਬ ਦੇ ਹੀਰੋ ਐਕਟਰ ਪਾਲਾ ਰਾਵਣ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਹੈ। ਕਲੱਬ ਵਿੱਚ ਸਟੋਰ ਕੀਪਰ ਦੀਆਂ ਜ਼ਿੰਮੇਵਾਰੀਆਂ ਟਿੰਕੂ ਢੱਲਾ ਅਤੇ ਗਣੇਸ਼ ਕੁਮਾਰ ਡੋਲਾ ਨਿਭਾ ਰਹੇ ਹਨ, ਜਿਨ੍ਹਾਂ ਨੂੰ ਚੇਅਰਮੈਨ ਸਤੀਸ਼ ਕੁਮਾਰ ਭੀਰੀ ਦਾ ਸਹਿਯੋਗ ਮਿਲ ਰਿਹਾ ਹੈ। ਸਮਾਗਮ ਦੇ ਅੰਤ ਵਿੱਚ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ ਨੇ ਰਾਮਲੀਲਾ ਦੀਆਂ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ।