‘20 ਸਵਾਲ-20 ਇਨਾਮ’ ਦੇ ਜੇਤੂਆਂ ਨੂੰ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਵੰਡੇ ਇਨਾਮ ‘20 ਸਵਾਲ-20 ਇਨਾਮ’ ਦੇ ਜੇਤੂਆਂ ਨੂੰ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਵੰਡੇ ਇਨਾਮ
Publish Date: Mon, 12 Oct 2026 03:50 PM (IST)
Updated Date: Mon, 12 Oct 2026 03:50 PM (IST)
ਏਕਮਪ੍ਰੀਤ ਕੌਰ ਨੇ ਪਹਿਲਾ, ਪਰਮਿੰਦਰ ਕੌਰ ਨੇ ਦੂਜਾ ਤੇ ਪਰਮਜੀਤ ਕੌਰ ਨੇ ਤੀਜਾ ਇਨਾਮ ਜਿੱਤਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ: ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ, ਕੋਟਕਪੂਰਾ ਵੱਲੋਂ ਸਿੱਖੀ ਅਤੇ ਸਿੱਖ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਭਗਤ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ‘20 ਸਵਾਲ-20 ਇਨਾਮ’ ਮੁਕਾਬਲੇ ਦਾ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਲੱਕੀ ਡਰਾਅ ਰਾਹੀਂ ਚੁਣੇ ਗਏ 20 ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੰਗਤ ਨੂੰ ਆਪਣੇ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਚੰਦਨਪ੍ਰੀਤ ਕੌਰ ਵੱਲੋਂ ‘ਸੇ ਸਿਮਰਹਿ ਜਿਨ ਆਪਿ ਸਿਮਰਾਏ’ ਸ਼ਬਦ ਦੇ ਕੀਰਤਨ ਨਾਲ ਕੀਤੀ ਗਈ। ਇਸ ਉਪਰੰਤ ਪਰਵਿੰਦਰ ਕੌਰ, ਸੁਖਵਿੰਦਰ ਕੌਰ, ਚੰਦਨਪ੍ਰੀਤ ਕੌਰ, ਗੁਰਮੀਤ ਕੌਰ ਅਤੇ ਵਰਸੀਰਤ ਕੌਰ ਨੇ ਸੰਗਤੀ ਰੂਪ ਵਿੱਚ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਸਮਾਜਿਕ ਸੁਧਾਰਾਂ ਲਈ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਅਤੇ ਸਿਮਰਨ ਦੀ ਮਹੱਤਤਾ ਨੂੰ ਉਭਾਰਿਆ ਅਤੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਧਾਰਮਿਕ ਤੇ ਅਧਿਆਤਮਿਕ ਕੇਂਦਰ ਵਜੋਂ ਵਿਕਸਤ ਕੀਤਾ। ਉਨ੍ਹਾਂ ਨੇ ਜਾਤ-ਪਾਤ, ਪਰਦਾ ਪ੍ਰਥਾ ਅਤੇ ਸਤੀ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਦਿਆਂ ਸਮਾਨਤਾ ਅਤੇ ਮਨੁੱਖੀ ਮਰਿਆਦਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਸੰਗਤ ਨੂੰ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਜਾਣਕਾਰੀ ਦੇਣ ਲਈ ‘20 ਸਵਾਲ-20 ਇਨਾਮ’ ਉਪਰਾਲਾ ਕੀਤਾ ਗਿਆ। ਇਸ ਵਾਰ ਸਵਾਲਾਂ ਦਾ ਆਧਾਰ ‘ਸ੍ਰੀ ਗੁਰੂ ਅਮਰਦਾਸ ਜੀ ਸੰਖੇਪ ਜੀਵਨ ਦਰਸ਼ਨ’ ਕਿਤਾਬਚੇ ਵਿੱਚੋਂ ਲਏ ਗਏ 20 ਸਵਾਲ ਸਨ। ਇਸ ਉਪਰਾਲੇ ਰਾਹੀਂ ਸੰਗਤ ਨੂੰ ਧਾਰਮਿਕ ਇਤਿਹਾਸ ਪੜ੍ਹਨ ਅਤੇ ਉਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਲੱਕੀ ਡਰਾਅ ਵਿੱਚ ਏਕਮਪ੍ਰੀਤ ਕੌਰ ਦਾ ਪਹਿਲਾ, ਪਰਮਿੰਦਰ ਕੌਰ ਦਾ ਦੂਜਾ ਅਤੇ ਪਰਮਜੀਤ ਕੌਰ ਦਾ ਤੀਜਾ ਡਰਾਅ ਨਿਕਲਿਆ। ਇਨ੍ਹਾਂ ਤੋਂ ਇਲਾਵਾ ਹਰਸੀਰਤ ਕੌਰ, ਬੌਬੀ, ਨਵਦੀਪ ਕੌਰ, ਸਿਮਰਨਜੀਤ ਕੌਰ, ਲਖਵੀਰ ਸਿੰਘ, ਰਿਪਦਮਨ ਕੌਰ, ਅਭੀਜੋਤ ਸਿੰਘ, ਪ੍ਰਭਜਸ, ਜਸਵੀਰ ਕੌਰ, ਸਹਿਜਪ੍ਰੀਤ ਕੌਰ, ਆਰਤੀ ਕੌਰ, ਰਜਿੰਦਰ ਕੌਰ, ਵਰਸੀਰਤ ਕੌਰ, ਭੁਪਿੰਦਰ ਕੌਰ, ਖੁਸ਼ਪ੍ਰੀਤ ਕੌਰ, ਪ੍ਰਭਦੀਪ ਸਿੰਘ ਅਤੇ ਨੈਨਸੀ ਮਿੱਤਲ ਦੇ ਨਾਂ ਵੀ ਜੇਤੂਆਂ ਵਿੱਚ ਸ਼ਾਮਲ ਰਹੇ। ਲੱਕੀ ਡਰਾਅ ਦੀਆਂ ਪਰਚੀਆਂ ਬਲਕਾਰ ਸਿੰਘ ਹੈਪੀ ਵੱਲੋਂ ਕੱਢੀਆਂ ਗਈਆਂ, ਜਦਕਿ ਡਰਾਅ ਦੀ ਨਿਰਪੱਖਤਾ ਯਕੀਨੀ ਬਣਾਉਣ ਲਈ ਲੈਕਚਰਾਰ ਬਚਨ ਸਿੰਘ ਅਤੇ ਬੱਬਰਜੀਤ ਸਿੰਘ ਨੇ ਜੱਜਮੈਂਟ ਦੀ ਜ਼ਿੰਮੇਵਾਰੀ ਨਿਭਾਈ। ਜੇਤੂਆਂ ਨੂੰ ਇਨਾਮ ਵੰਡਣ ਲਈ ਅਰੋੜ ਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਪ੍ਰਿੰਸੀਪਲ ਕਰਨੈਲ ਸਿੰਘ, ਸਰਪ੍ਰਸਤ ਗੁਰਿੰਦਰ ਸਿੰਘ, ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਲੈਕਚਰਾਰ ਬਚਨ ਸਿੰਘ, ਬੱਬਰਜੀਤ ਸਿੰਘ, ਪਰਮਵੀਰ ਸਿੰਘ ਰਾਜੂ ਮੱਕੜ, ਵਰਿੰਦਰਪਾਲ ਸਿੰਘ ਅਰਨੇਜਾ, ਜਸਮੀਤ ਸਿੰਘ, ਬੇਅੰਤ ਸਿੰਘ ਅਤੇ ਪਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਮਨਿੰਦਰ ਸਿੰਘ ਮਿੰਕੂ ਮੱਕੜ, ਪ੍ਰਿੰਸੀਪਲ ਕਰਨੈਲ ਸਿੰਘ ਅਤੇ ਗੁਰਿੰਦਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੇ ਧਾਰਮਿਕ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜਿਹੇ ਕਾਰਜ ਲਗਾਤਾਰ ਜਾਰੀ ਰੱਖਣ ਅਤੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਅੰਤ ਵਿੱਚ ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ।