ਕਾਮਨਵੈਲਥ ਖੇਡਾਂ ਦੀ ਜੇਤੂ ਮਲਾਇਕਾ ਗੋਇਲ ਨੂੰ ਮਿਲੇਗਾ ਫ਼ਰੀਦਕੋਟ ਰਤਨ ਐਵਾਰਡ ਕਾਮਨਵੈਲਥ ਖੇਡਾਂ ਦੀ ਤਮਗਾ ਜੇਤੂ ਮਲਾਇਕਾ ਗੋਇਲ ਨੂੰ ਮਿਲੇਗਾ ‘ਫ਼ਰੀਦਕੋਟ ਰਤਨ ਐਵਾਰਡ-2026
Publish Date: Sun, 11 Oct 2026 05:36 PM (IST)
Updated Date: Sun, 11 Oct 2026 05:38 PM (IST)
ਮਹੰਤ ਬਲਦੇਵ ਦਾਸ, ਡਾ. ਪ੍ਰਦੀਪ ਗਰਗ ਤੇ ਗਿਆਨੀ ਮੁਖਤਿਆਰ ਸਿੰਘ ਵੰਗੜ ਦਾ ਵੀ ਹੋਵੇਗਾ ਵਿਸ਼ੇਸ਼ ਸਨਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਸਥਾਨਕ ਨਹਿਰੂ ਸਟੇਡੀਅਮ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਮਾਗਮ ਦੀਆਂ ਤਿਆਰੀਆਂ, ਪ੍ਰਬੰਧਾਂ ਅਤੇ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਮਹਾਂਮ੍ਰਿਤਿਉਂਜਯ ਮੰਦਰ, ਰੋਜ਼ ਇਨਕਲੇਵ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਅਤੇ ਸਹਿ-ਚੇਅਰਮੈਨ ਵਿਨੋਦ ਬਜਾਜ ਨੇ ਸਾਂਝੇ ਤੌਰ ’ਤੇ ਕੀਤੀ। ਮੀਟਿੰਗ ਦੌਰਾਨ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਨੇ ਦੱਸਿਆ ਕਿ ਇਸ ਸਾਲ ਦੁਸਹਿਰਾ ਸਮਾਗਮ ਮੌਕੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਮਲਾਇਕਾ ਗੋਇਲ ਨੂੰ ‘ਫ਼ਰੀਦਕੋਟ ਰਤਨ ਐਵਾਰਡ-2026’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਲਾਇਕਾ ਗੋਇਲ ਨੇ 2014 ਦੀਆਂ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਉਸ ਦੀਆਂ ਪ੍ਰਾਪਤੀਆਂ ਨੌਜਵਾਨਾਂ, ਖ਼ਾਸ ਕਰਕੇ ਖੇਡਾਂ ਵਿੱਚ ਅੱਗੇ ਵਧਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਧਾਰਮਿਕ, ਮੈਡੀਕਲ ਅਤੇ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਤਿੰਨ ਹੋਰ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਮਹੰਤ ਬਲਦੇਵ ਦਾਸ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਅਤੇ ਉੱਘੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਸ਼ਾਮਲ ਹਨ। ਗਿਆਨੀ ਮੁਖਤਿਆਰ ਸਿੰਘ ਵੰਗੜ ਵੱਲੋਂ ਹੁਣ ਤੱਕ 35 ਤੋਂ ਵੱਧ ਪੁਸਤਕਾਂ ਲਿਖੀਆਂ ਅਤੇ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ। ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਉਨ੍ਹਾਂ ਵੱਲੋਂ ਪੁਸਤਕਾਂ ਮੁਫ਼ਤ ਵੰਡਣ ਦਾ ਉਪਰਾਲਾ ਵੀ ਕੀਤਾ ਗਿਆ ਹੈ। ਕਮੇਟੀ ਅਨੁਸਾਰ ਦੁਸਹਿਰਾ ਸਮਾਗਮ 20 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਨਹਿਰੂ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਪਰਮਬੰਸ ਸਿੰਘ ਬੰਟੀ ਰੋਮਾਣਾ, ਸੰਦੀਪ ਸਿੰਘ ਸੰਨੀ ਬਰਾੜ, ਸੰਦੀਪ ਸਿੰਘ ਧਾਲੀਵਾਲ, ਸਾਬਕਾ ਮੰਤਰੀ ਉਪਿੰਦਰ ਸ਼ਰਮਾ ਅਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਮਾਗਮ ਵਿੱਚ ਡਾ. ਸੰਜੀਵ ਗੋਇਲ, ਨਵਦੀਪ ਸਿੰਘ ਬਰਾੜ, ਗੁਰਤੇਜ ਸਿੰਘ ਖੋਸਾ, ਬਲਜਿੰਦਰ ਸਿੰਘ ਬੱਬੂ ਆਹੂਜਾ, ਗੌਰਵ ਕੱਕੜ, ਗਗਨਦੀਪ ਸਿੰਘ ਧਾਲੀਵਾਲ, ਸਤੀਸ਼ ਗਰੋਵਰ, ਪ੍ਰਵੇਸ਼ ਪ੍ਰਹਾਰ, ਭੂਸ਼ਣ ਬਾਂਸਲ, ਡਾ. ਦਾਨਿਸ਼ ਜਿੰਦਲ, ਦੀਪਕ ਮੌਂਗਾ, ਐਡਵੋਕੇਟ ਜੀ.ਕੇ. ਗੋਲਡੀ, ਜਸਵਿੰਦਰ ਸਿੰਘ ਸਰਪੰਚ ਹਰੀਕੇ ਕਲਾਂ ਅਤੇ ਨਰਿੰਦਰ ਪਾਲ ਸਿੰਘ ਨੰਦਾ ਸਮੇਤ ਹੋਰ ਪਤਵੰਤੇ ਵੀ ਸ਼ਿਰਕਤ ਕਰਨਗੇ। ਵਾਤਾਵਰਨ ਦੀ ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਮੀਟਿੰਗ ਦੌਰਾਨ ਅਸ਼ੋਕ ਸੱਚਰ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਆਤਿਸ਼ਬਾਜ਼ੀ ਲਈ ਅਜਿਹੇ ਪਟਾਕਿਆਂ ਦੀ ਵਰਤੋਂ ਕਰਨ ਦੀ ਯੋਜਨਾ ਹੈ, ਜਿਨ੍ਹਾਂ ਨਾਲ ਰਵਾਇਤੀ ਪਟਾਕਿਆਂ ਦੇ ਮੁਕਾਬਲੇ ਲਗਭਗ 70 ਫ਼ੀਸਦੀ ਘੱਟ ਪ੍ਰਦੂਸ਼ਣ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਸਹਿਰਾ ਕਮੇਟੀ ਵੱਲੋਂ ਸਮਾਗਮ ਨੂੰ ਸੁਚੱਜੇ ਅਤੇ ਯਾਦਗਾਰੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਅਸ਼ੋਕ ਸੱਚਰ ਅਤੇ ਵਿਨੋਦ ਬਜਾਜ ਨੇ ਕਿਹਾ ਕਿ ਫ਼ਰੀਦਕੋਟ ਦਾ ਦੁਸਹਿਰਾ ਆਪਣੀ ਸ਼ਾਨਦਾਰ ਪਰੰਪਰਾ, ਵਿਸ਼ਾਲ ਸਮਾਗਮ ਅਤੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਕਾਰਨ ਵਿਸ਼ੇਸ਼ ਪਛਾਣ ਰੱਖਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ, ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ 20 ਅਕਤੂਬਰ ਨੂੰ ਪਰਿਵਾਰਾਂ ਸਮੇਤ ਨਹਿਰੂ ਸਟੇਡੀਅਮ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਉਣ। ਮੀਟਿੰਗ ਦੇ ਅੰਤ ਵਿੱਚ ਹਾਜ਼ਰ ਮੈਂਬਰਾਂ ਨੇ ਦੁਸਹਿਰਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।