- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
20 ਸਾਲਾਂ ਬਾਅਦ ਸਜੀ ਸ਼੍ਰੀ ਰਾਮ ਬਰਾਤ, ਜੈਤੋ ਵਿੱਚ ਸ਼ਰਧਾ ਤੇ ਉਤਸ਼ਾਹ ਦਾ ਸੈਲਾਬ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ: ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਤੀਜੀ ਨਾਈਟ ਮੌਕੇ 20 ਸਾਲਾਂ ਬਾਅਦ ਕੱਢੀ ਗਈ ਸ਼੍ਰੀ ਰਾਮ ਬਰਾਤ ਨੇ ਸ਼ਹਿਰ ਵਿੱਚ ਭਗਤੀ ਅਤੇ ਉਤਸ਼ਾਹ ਦਾ ਵਿਲੱਖਣ ਮਾਹੌਲ ਸਿਰਜ ਦਿੱਤਾ। ਕਲੱਬ ਵੱਲੋਂ ਇਸ ਸਮਾਗਮ ਨੂੰ ਪਿਛਲੇ 50 ਸਾਲਾਂ ਦੇ ਇਤਿਹਾਸ ਵਿੱਚ ਯਾਦਗਾਰੀ ਦੱਸਿਆ ਗਿਆ। ਬਰਾਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਜੈਕਾਰੇ ਲਗਾਏ। ਕਲੱਬ ਦੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਸ਼੍ਰੀ ਰਾਮ ਬਰਾਤ ਦਾ ਆਗਾਜ਼ ਕਾਲੂ ਰਾਮ ਜੀ ਦੀ ਬਗੀਚੀ ਤੋਂ ਹੋਇਆ। ਬਰਾਤ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਰਾਮਲੀਲਾ ਗਰਾਊਂਡ ਸਥਿਤ ਰਾਮ ਭਵਨ ਵਿਖੇ ਪਹੁੰਚੀ। ਇਸ ਦੌਰਾਨ ਬੈਂਡ-ਬਾਜਿਆਂ, ਢੋਲ-ਧਮੱਕਿਆਂ, ਡੀਜੇ ’ਤੇ ਵੱਜਦੀਆਂ ਧਾਰਮਿਕ ਭੇਟਾਂ ਅਤੇ ਰੰਗ-ਬਿਰੰਗੀ ਆਤਿਸ਼ਬਾਜ਼ੀ ਨੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ। ਬਰਾਤ ਦੇ ਸਵਾਗਤ ਲਈ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਵੱਖ-ਵੱਖ ਥਾਵਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਥਾਂ-ਥਾਂ ਲੋਕਾਂ ਵੱਲੋਂ ਖਾਣ-ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਬਰਾਤ ਵਿੱਚ ਹਿੱਸਾ ਲਿਆ। ਧਾਰਮਿਕ ਭੇਟਾਂ ਦੀਆਂ ਧੁਨਾਂ ’ਤੇ ਨੌਜਵਾਨਾਂ ਅਤੇ ਔਰਤਾਂ ਨੇ ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਮਾਗਮ ਵਿੱਚ ਬਠਿੰਡਾ ਸਥਿਤ ਬੰਬੇ ਗੈਸਟਰੋ ਹਸਪਤਾਲ ਦੇ ਮਾਲਕ ਡਾ. ਮਨਜੀਤ ਜੋੜਾ ਨੇ ਆਪਣੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹ ਕਲੱਬ ਦੇ ਪ੍ਰਸਿੱਧ ਕਲਾਕਾਰ ਟਿੰਕੂ ਢੱਲਾ ਦੇ ਰਿਸ਼ਤੇਦਾਰ ਹਨ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਡਾ. ਮਨਜੀਤ ਜੋੜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਮ ਦਰਬਾਰ ਦੀ ਸੁੰਦਰ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਆਪਣੇ ਸਾਥੀਆਂ ਸਮੇਤ ਸ਼੍ਰੀ ਰਾਮ ਬਰਾਤ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਡੀਐੱਸਪੀ ਜੈਤੋ ਇਕਬਾਲ ਸਿੰਘ ਸੰਧੂ ਪੁਲਿਸ ਟੀਮ ਸਮੇਤ ਮੌਜੂਦ ਰਹੇ ਅਤੇ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਇਸ ਯਾਦਗਾਰੀ ਸਮਾਗਮ ਦੀ ਸਫਲਤਾ ’ਤੇ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਚੇਅਰਮੈਨ ਸਤੀਸ਼ ਕੁਮਾਰ ਭੀਰੀ, ਪ੍ਰਧਾਨ ਸੰਦੀਪ ਪਾਟਿਲ ਟੋਨੀ ਅਤੇ ਸਮੂਹ ਮੈਂਬਰਾਂ ਨੇ ਸ਼ਹਿਰ ਵਾਸੀਆਂ, ਸ਼ਰਧਾਲੂਆਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਪਿਆਰ, ਸਹਿਯੋਗ ਅਤੇ ਪ੍ਰਭੂ ਸ਼੍ਰੀ ਰਾਮ ਪ੍ਰਤੀ ਅਥਾਹ ਸ਼ਰਧਾ ਸਦਕਾ ਇਹ ਸਮਾਗਮ ਯਾਦਗਾਰੀ ਬਣਿਆ ਹੈ।