- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋਏ ਨਵਰਾਤਰੇ, ਮੰਦਰਾਂ ਵਿੱਚ ਗੂੰਜੇ ਮਾਤਾ ਰਾਣੀ ਦੇ ਜੈਕਾਰੇ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ: ਸ਼ਹਿਰ ਵਿੱਚ ਨਵਰਾਤਰਿਆਂ ਦਾ ਪਵਿੱਤਰ ਤਿਉਹਾਰ ਐਤਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਪਹਿਲੇ ਨਰਾਤੇ ਮੌਕੇ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਮਾਤਾ ਰਾਣੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਆਮਦ ਜਾਰੀ ਰਹੀ। ਮੰਦਰਾਂ ਵਿੱਚ ਮਾਂ ਸ਼ੈਲਪੁੱਤਰੀ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਸ਼ੰਖਾਂ ਤੇ ਘੰਟੀਆਂ ਦੀ ਗੂੰਜ ਨਾਲ ਸਮੁੱਚਾ ਵਾਤਾਵਰਨ ਭਗਤੀਮਈ ਹੋ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਮਾਤਾ ਰਾਣੀ ਅੱਗੇ ਨਤਮਸਤਕ ਹੋ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਨਵਰਾਤਰੇ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਅਰਾਧਨਾ ਨੂੰ ਸਮਰਪਿਤ ਹਨ। ਧਾਰਮਿਕ ਮਾਨਤਾ ਅਨੁਸਾਰ ਪਹਿਲੇ ਨਰਾਤੇ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਪਵਿੱਤਰ ਦਿਨਾਂ ਦੌਰਾਨ ਮੰਦਰਾਂ ਵਿੱਚ ਵਿਸ਼ੇਸ਼ ਪੂਜਾ-ਅਰਚਨਾ, ਜੋਤ ਪ੍ਰਚੰਡ ਕਰਨ ਅਤੇ ਭਜਨ-ਕੀਰਤਨ ਦੇ ਸਮਾਗਮ ਕਰਵਾਏ ਜਾਂਦੇ ਹਨ। ਫਰੀਦਕੋਟ ਵਿੱਚ ਵੀ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਨਵਰਾਤਰਿਆਂ ਦੀ ਸ਼ੁਰੂਆਤ ਕੀਤੀ। ਸ਼ਹਿਰ ਦੇ ਮੰਦਰ ਦੇਵੀ ਦੁਆਰਾ ਵਿਖੇ ਹਿਮਾਚਲ ਪ੍ਰਦੇਸ਼ ਦੇ ਮਾਤਾ ਚਿੰਤਪੂਰਨੀ ਮੰਦਰ ਤੋਂ ਲਿਆਂਦੀ ਗਈ ਪਵਿੱਤਰ ਜੋਤ ਦੀ ਸਵੇਰੇ 11 ਵਜੇ ਵਿਧੀ-ਵਿਧਾਨ ਨਾਲ ਸਥਾਪਨਾ ਕੀਤੀ ਗਈ। ਇਸ ਉਪਰੰਤ ਪੂਜਾ-ਅਰਚਨਾ, ਭਜਨ-ਕੀਰਤਨ ਅਤੇ ਦੁਰਗਾ ਸਤੁਤੀ ਦੇ ਪਾਠ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਜਿਤੇਂਦਰ ਚੌਕ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਵੀ ਪਹਿਲੇ ਨਰਾਤੇ ਮੌਕੇ ਭਜਨ-ਕੀਰਤਨ ਦਾ ਸਮਾਗਮ ਕਰਵਾਇਆ ਗਿਆ। ਸੰਗਤ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਭਗਤੀਮਈ ਮਾਹੌਲ ਵਿੱਚ ਸ਼ਰਧਾਲੂ ਮਾਤਾ ਦੀ ਅਰਾਧਨਾ ਕਰਦੇ ਰਹੇ। ਸ੍ਰੀ ਹਨੂਮਾਨਗੜ੍ਹੀ ਮੰਦਰ ਵਿੱਚ ਪਹਿਲੇ ਨਰਾਤੇ ਮੌਕੇ ਮਾਂ ਸ਼ੈਲਪੁੱਤਰੀ ਦੀ ਪੂਜਾ ਦੇ ਨਾਲ ਨਵਗ੍ਰਹਿ ਪੂਜਨ, ਘਟ ਸਥਾਪਨਾ ਅਤੇ ਜੋਤ ਪ੍ਰਚੰਡ ਕਰਨ ਦੀਆਂ ਰਸਮਾਂ ਨਿਭਾਈਆਂ ਗਈਆਂ। ਪੰਡਿਤ ਗੌਰਵ ਕ੍ਰਿਸ਼ਨ ਦੀਕਸ਼ਿਤ ਨੇ ਗਣੇਸ਼ ਪੂਜਨ, ਓਮਕਾਰ ਪੂਜਨ, ਨਵਗ੍ਰਹਿ ਪੂਜਨ ਅਤੇ ਕਲਸ਼ ਪੂਜਨ ਸਮੇਤ ਵੱਖ-ਵੱਖ ਧਾਰਮਿਕ ਰਸਮਾਂ ਸੰਪੰਨ ਕਰਵਾਈਆਂ। ਪੂਜਾ ਉਪਰੰਤ ਆਰਤੀ ਕੀਤੀ ਗਈ ਅਤੇ ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਗੁਣਗਾਨ ਕੀਤਾ। ਇਸੇ ਤਰ੍ਹਾਂ ਸਾਦਿਕ ਰੋਡ ਸਥਿਤ ਦੁਰਗਾ ਮੰਦਰ ਵਿੱਚ ਵੀ ਮਾਂ ਭਗਵਤੀ ਦੀ ਪੂਜਾ-ਅਰਚਨਾ ਕੀਤੀ ਗਈ। ਸ਼ਰਧਾਲੂਆਂ ਨੇ ਮੰਦਰ ਵਿੱਚ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ। ਨਵਰਾਤਰਿਆਂ ਦੀ ਸ਼ੁਰੂਆਤ ਨਾਲ ਸ਼ਹਿਰ ਦੇ ਮੰਦਰਾਂ ਵਿੱਚ ਧਾਰਮਿਕ ਰੌਣਕਾਂ ਵਧ ਗਈਆਂ ਹਨ ਅਤੇ ਸ਼ਰਧਾਲੂਆਂ ਵਿੱਚ ਇਨ੍ਹਾਂ ਪਵਿੱਤਰ ਦਿਨਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।