ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਮੈਡਲ ਖੇਡਾਂ ਵਤਨ ਪੰਜਾਬ ਦੀਆਂ: ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਕਈ ਤਗਮੇ
Publish Date: Sun, 11 Oct 2026 04:14 PM (IST)
Updated Date: Sun, 11 Oct 2026 04:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ: ਅਲਾਇੰਸ ਇੰਟਰਨੈਸ਼ਨਲ ਸਕੂਲ, ਜੈਤੋ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਫ਼ਰੀਦਕੋਟ ਜ਼ਿਲ੍ਹੇ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਤਰੰਜ ਅਤੇ ਕਰਾਟੇ ਵਿੱਚ ਕਈ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਦੌਰਾਨ ਸਕੂਲ ਦੇ ਤਿੰਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦੇ ਦਮ ਤੇ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਜਗ੍ਹਾ ਬਣਾਈ। ਸ਼ਤਰੰਜ ਮੁਕਾਬਲੇ ਵਿੱਚ ਅੰਡਰ-17 ਲੜਕਿਆਂ ਦੇ ਵਰਗ ਵਿੱਚ ਗੇਵਿਨ ਬਾਂਸਲ ਨੇ ਕਾਂਸੀ ਦਾ ਤਗਮਾ ਜਿੱਤਿਆ। ਕਰਾਟੇ ਦੇ ਅੰਡਰ-14 ਲੜਕੀਆਂ ਦੇ ਵਰਗ ਵਿੱਚ ਸੁਖਮਨਜੀਤ ਕੌਰ ਨੇ 50 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਅਤੇ ਸਨਾਯਰਾ ਨੇ 50 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ। ਇਸੇ ਵਰਗ ਵਿੱਚ ਸਾਨਵੀ ਨੇ 30 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਕਰਾਟੇ ਦੇ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿਯੂਸ਼ ਗੁਪਤਾ ਨੇ 30 ਕਿਲੋਗ੍ਰਾਮ ਤੋਂ ਘੱਟ, ਈਸ਼ਾਨ ਸਿੰਘ ਨੇ 40 ਕਿਲੋਗ੍ਰਾਮ ਤੋਂ ਘੱਟ ਅਤੇ ਸਾਰਥਿਕ ਬਾਂਸਲ ਨੇ 50 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਕਾਂਸੀ ਦੇ ਤਗਮੇ ਜਿੱਤੇ। ਕ੍ਰਿਸ਼ਿਵ ਗੋਇਲ ਨੇ 45 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ, ਜਦਕਿ ਦਾਨਿਸ਼ ਨੇ 55 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਕਰਾਟੇ ਦੇ ਅੰਡਰ-17 ਲੜਕੀਆਂ ਦੇ ਵਰਗ ਵਿੱਚ ਭਵਿਆ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਵਰਗ ਵਿੱਚ ਵੇਦਾਂਤ ਨੇ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਖੇਡ ਕਾਬਲੀਅਤ ਦਾ ਸਬੂਤ ਦਿੱਤਾ। ਸਕੂਲ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਸੋਨੇ ਦੇ ਤਗਮੇ ਜਿੱਤਣ ਵਾਲੇ ਸੁਖਮਨਜੀਤ ਕੌਰ, ਸਨਾਯਰਾ ਅਤੇ ਵੇਦਾਂਤ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਕੀਤੀ ਗਈ ਹੈ। ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ। ਸਕੂਲ ਦੀ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਅਤੇ ਪ੍ਰਬੰਧਕੀ ਕਮੇਟੀ ਨੇ ਤਗਮੇ ਜਿੱਤਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਅਗਲੇ ਪੜਾਅ ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਇਸੇ ਤਰ੍ਹਾਂ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।