ਗਊਆਂ ਨੂੰ ਕੱਟ ਕੇ ਮਾਸ ਦੀ ਸਪਲਾਈ ਕਰਨ ਦੇ ਦੋਸ਼, 5 ਵਿਅਕਤੀ ਗ੍ਰਿਫ਼ਤਾਰ ਬੇਸਹਾਰਾ ਗਊਆਂ ਨੂੰ ਕੱਟ ਕੇ ਮਾਸ ਦੀ ਸਪਲਾਈ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀ ਗ੍ਰਿਫ਼ਤਾਰ
Publish Date: Sat, 10 Oct 2026 07:44 PM (IST)
Updated Date: Sun, 11 Oct 2026 04:05 AM (IST)
ਬੋਲੇਰੋ ਗੱਡੀ ਵਿੱਚੋਂ ਗਊਆਂ ਨੂੰ ਕੱਟਣ ਵਾਲੇ ਤੇਜ਼ਧਾਰ ਹਥਿਆਰ ਅਤੇ ਮਾਸ ਬਰਾਮਦ; ਤਿੰਨ ਮੁਲਜ਼ਮ ਉੱਤਰ ਪ੍ਰਦੇਸ਼ ਦੇ ਵਸਨੀਕ ਜਗਮੀਤ ਸਿੰਘ, ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਵਿੱਚ ਬੇਸਹਾਰਾ ਗਊਆਂ ਨੂੰ ਕੱਟ ਕੇ ਉਨ੍ਹਾਂ ਦਾ ਮਾਸ ਅੱਗੇ ਸਪਲਾਈ ਕਰਨ ਦੇ ਦੋਸ਼ ਹੇਠ ਥਾਣਾ ਸਦਰ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਬੋਲੇਰੋ ਗੱਡੀ, ਗਊਆਂ ਨੂੰ ਕੱਟਣ ਲਈ ਵਰਤੇ ਜਾਣ ਵਾਲੇ ਤੇਜ਼ਧਾਰ ਹਥਿਆਰ ਅਤੇ ਸਪਲਾਈ ਲਈ ਲਿਜਾਇਆ ਜਾ ਰਿਹਾ ਮਾਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਤਿੰਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਸ ਕਿੱਥੇ ਸਪਲਾਈ ਕੀਤਾ ਜਾਂਦਾ ਸੀ। ਇਸ ਮਾਮਲੇ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਗਊ ਰੱਖਿਆ ਦਲ ਦੇ ਸੂਬਾਈ ਜਨਰਲ ਸਕੱਤਰ ਮਹੰਤ ਗਰੀਬ ਦਾਸ ਨੇ ਬੀਤੀ ਰਾਤ ਥਾਣਾ ਸਦਰ ਦੇ ਏਐੱਸਆਈ ਗੁਰਜੀਤ ਸਿੰਘ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਪਹਿਲੂਵਾਲਾ ਦੇ ਵਸਨੀਕ ਸਤਪਾਲ ਸਿੰਘ ਅਤੇ ਹਰਬੰਸ ਸਿੰਘ ਕਥਿਤ ਤੌਰ ’ਤੇ ਬੇਸਹਾਰਾ ਗਊਆਂ ਨੂੰ ਕੱਟ ਕੇ ਉਨ੍ਹਾਂ ਦਾ ਮਾਸ ਵੇਚਦੇ ਹਨ। ਸੂਚਨਾ ਅਨੁਸਾਰ ਗਊਆਂ ਦੀ ਖੱਲ ਵੀ ਵੱਖਰੇ ਤੌਰ ’ਤੇ ਵੇਚੀ ਜਾਂਦੀ ਸੀ, ਜਦਕਿ ਬਾਕੀ ਬਚਦਾ ਸਮਾਨ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਦੇ ਵਸਨੀਕ ਵਜੀਦ ਸਿੰਘ, ਅਪਲ ਅਹਿਮਦ ਅਤੇ ਜਮੀਲ ਅਹਿਮਦ ਨੂੰ ਬੋਲੇਰੋ ਗੱਡੀ ਸਮੇਤ ਕਾਬੂ ਕਰ ਲਿਆ। ਪੁਲਿਸ ਵੱਲੋਂ ਗੱਡੀ ਦੀ ਤਲਾਸ਼ੀ ਲੈਣ ਦੌਰਾਨ ਤੇਜ਼ਧਾਰ ਹਥਿਆਰ ਅਤੇ ਮਾਸ ਬਰਾਮਦ ਹੋਇਆ, ਜਿਸ ਨੂੰ ਕਥਿਤ ਤੌਰ ’ਤੇ ਅੱਗੇ ਸਪਲਾਈ ਕਰਨ ਲਈ ਲਿਜਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਪਿੰਡ ਪਹਿਲੂਵਾਲਾ ਦੇ ਵਸਨੀਕ ਸਤਪਾਲ ਸਿੰਘ ਅਤੇ ਹਰਬੰਸ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਅਨੁਸਾਰ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੀ ਹੈ ਕਿ ਕਥਿਤ ਤੌਰ ’ਤੇ ਮਾਸ ਦੀ ਸਪਲਾਈ ਕਿਹੜੀਆਂ ਥਾਵਾਂ ’ਤੇ ਕੀਤੀ ਜਾਂਦੀ ਸੀ ਅਤੇ ਇਸ ਮਾਮਲੇ ਵਿੱਚ ਹੋਰ ਕੌਣ ਸ਼ਾਮਲ ਹੋ ਸਕਦਾ ਹੈ। ਉੱਧਰ, ਮਹੰਤ ਗਰੀਬ ਦਾਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਗਊਆਂ ਨਾਲ ਭਰੇ ਟਰੱਕ ਫੜਵਾਉਣ ਵਿੱਚ ਭੂਮਿਕਾ ਨਿਭਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਗਊਆਂ ਨੂੰ ਹੋਰਨਾਂ ਥਾਵਾਂ ’ਤੇ ਲਿਜਾਣ ਦੇ ਮਾਮਲੇ ਸਾਹਮਣੇ ਆਉਂਦੇ ਸਨ, ਪਰ ਹੁਣ ਉਨ੍ਹਾਂ ਨੂੰ ਸ਼ੱਕ ਹੈ ਕਿ ਇੱਥੇ ਹੀ ਗਊਆਂ ਨੂੰ ਕੱਟ ਕੇ ਮਾਸ ਦੀ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।