ਐੱਲਬੀਸੀਟੀ ਦੀ ਜ਼ਿਲ੍ਹਾ ਕਾਰਜਕਾਰਨੀ ’ਚ ਫੇਰਬਦਲ ਐਲ.ਬੀ.ਸੀ.ਟੀ. ਦੀ ਜ਼ਿਲ੍ਹਾ ਕਾਰਜਕਾਰਣੀ ’ਚ ਫੇਰਬਦਲ, ਡੀ.ਪੀ.ਐੱਸ. ਭੋਲਾ ਬਣੇ ਗਾਈਡ
Publish Date: Sat, 10 Oct 2026 06:34 PM (IST)
Updated Date: Sun, 11 Oct 2026 04:05 AM (IST)
ਡੀਪੀਐੱਸ ਭੋਲਾ ਬਣੇ ਗਾਈਡ ਕ੍ਰਿਸ਼ਨ ਆਰਏ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫ਼ਰੀਦਕੋਟ: ਗੈਰ-ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ (ਐਲ.ਬੀ.ਸੀ.ਟੀ.) ਦੀ ਜ਼ਿਲ੍ਹਾ ਕਾਰਜਕਾਰਣੀ ਵਿੱਚ ਫੇਰਬਦਲ ਕਰਦਿਆਂ ਡੀਪੀਐੱਸ ਭੋਲਾ ਨੂੰ ਟਰੱਸਟ ਦਾ ਗਾਈਡ ਅਤੇ ਕ੍ਰਿਸ਼ਨ ਆਰ.ਏ. ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ ਸਥਾਨਕ ਅਰੋਮਾ ਹੋਟਲ ਵਿਖੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਇੰਸਪੈਕਟਰ ਰਮੇਸ਼ ਕੁਮਾਰ ਬਾਰੋਲੀਆ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ ਗਿਆ। ਮੀਟਿੰਗ ਵਿੱਚ ਟਰੱਸਟ ਦੇ ਸਾਬਕਾ ਪ੍ਰਧਾਨ ਡੀ.ਪੀ.ਐੱਸ. ਭੋਲਾ, ਚੀਫ਼ ਪੈਟਰਨ ਹੀਰਾਵਤੀ, ਹਰਪਾਲ ਸਿੰਘ, ਜਨਰਲ ਸਕੱਤਰ ਪ੍ਰੋ. ਮਲਕੀਤ ਸਿੰਘ ਮੰਮਨ, ਕ੍ਰਿਸ਼ਨ ਆਰ.ਏ. ਸਮੇਤ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਟਰੱਸਟ ਦੇ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਘਰੇਲੂ ਰੁਝੇਵਿਆਂ ਕਾਰਨ ਪ੍ਰਧਾਨਗੀ ਦੇ ਅਹੁਦੇ ਤੋਂ ਮੁਕਤ ਹੋਏ ਡੀ.ਪੀ.ਐੱਸ. ਭੋਲਾ ਵੱਲੋਂ ਟਰੱਸਟ ਅਤੇ ਸਮਾਜ ਦੀ ਭਲਾਈ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਨਵੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਡੀ.ਪੀ.ਐੱਸ. ਭੋਲਾ ਅਤੇ ਕ੍ਰਿਸ਼ਨ ਆਰ.ਏ. ਨੂੰ ਮੈਂਬਰਾਂ ਨੇ ਹਾਰ ਪਾ ਕੇ ਵਧਾਈ ਦਿੱਤੀ। ਟਰੱਸਟ ਦੇ ਪ੍ਰੈੱਸ ਸਕੱਤਰ ਸ਼ਿਵ ਨਾਥ ਦਰਦੀ ਅਤੇ ਲੀਗਲ ਐਡਵਾਈਜ਼ਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ ਨੇ ਵੀ ਫ਼ੋਨ ਰਾਹੀਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਇੰਸਪੈਕਟਰ ਬਾਰੋਲੀਆ ਨੇ ਟਰੱਸਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦਾ ਦੂਜਾ ਪੜਾਅ ਅਗਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਡਾ. ਭੀਮ ਰਾਓ ਅੰਬੇਡਕਰ ਚੌਕ ਸਥਾਪਤ ਕਰਨ ਦੇ ਮਾਮਲੇ ਨੂੰ ਅੱਗੇ ਵਧਾਉਣ ਲਈ ਨਗਰ ਕੌਂਸਲ ਨਾਲ ਮੁੜ ਗੱਲਬਾਤ ਕੀਤੀ ਜਾਵੇਗੀ। ਪ੍ਰਧਾਨ ਬਾਰੋਲੀਆ ਨੇ ਕਿਹਾ ਕਿ ਟਰੱਸਟ ਆਪਣੇ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਸੇਵਾ ਦੇ ਕਾਰਜ ਲਗਾਤਾਰ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਸਮਾਜ ਦੀ ਭਲਾਈ ਲਈ ਲੋਕ-ਹਿੱਤ ਦੇ ਕਾਰਜਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਾ ਹੈ। ਮੀਟਿੰਗ ਦੇ ਅੰਤ ਵਿੱਚ ਚੀਫ਼ ਪੈਟਰਨ ਹੀਰਾਵਤੀ ਨੇ ਕਿਹਾ ਕਿ ਨਵ-ਨਿਯੁਕਤ ਅਹੁਦੇਦਾਰਾਂ ਦਾ ਤਜਰਬਾ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਟਰੱਸਟ ਦੇ ਕੰਮਕਾਜ ਨੂੰ ਨਵੀਂ ਊਰਜਾ ਦੇਵੇਗਾ।